ਚੰਡੀਗੜ੍ਹ, 10 ਫਰਵਰੀ 2019 -
ਪਿਛਲੇ ਕੁਝ ਸਮੇਂ ਤੋਂ ਆਪਣੀ ਗੱਠਜੋੜ ਪਾਰਟੀ ਬੀ ਜੇ ਪੀ ਨੂੰ ਚੋਭਾ ਲਾ ਰਹੇ ਅਕਾਲੀ ਦਲ ਨੇ ਅੱਜ ਮੋਦੀ-ਅਮਿੱਤ ਜੋੜੀ ਨੂੰ ਇੱਕ ਹੋਰ ਸਿਆਸੀ ਚੂੰਢੀ ਵੱਢੀ ਹੈ .ਸੁਖਬੀਰ ਬਾਦਲ ਦੀ ਹਿਦਾਇਤ ਤੇ ਅਕਾਲੀ ਆਗੂਆਂ ਨੇ ਲੋਕ ਸਭਾ ਚੋਣਾਂ 'ਚ ਹਰਿਆਣੇ ਵਿੱਚ ਖੱਟਰ ਨਾਲ ਹੱਥ ਮਿਲਾਉਣ ਦੀ ਥਾਂ ਬੀ ਜੇ ਪੀ ਤੋਂ ਬਾਗ਼ੀ ਹੋਏ ਐਮ ਰਾਜ ਕੁਮਾਰ ਸੈਣੀ ਵੱਲੋਂ ਨਵੀਂ ਖੜ੍ਹੀ ਕੀਤੀ ਪਾਰਟੀ ਨਾਲ ਗੱਠਜੋੜ ਕਰਨ ਦੇ ਸੰਕੇਤ ਦਿੱਤੇ ਹਨ .
ਐਤਵਾਰ ਨੂੰ ਅਕਾਲੀ ਦਲ ਵੱਲੋਂ ਆਪਣੀ ਭਾਈਵਾਲ ਪਾਰਟੀ ਭਾਜਪਾ ਤੋਂ ਬਾਗੀ ਹੋਏ ਹਰਿਆਣਾ 'ਚ ਐਲ.ਐਸ.ਪੀ ਪਾਰਟੀ ਬਣਾਉਣ ਵਾਲੇ ਆਰ.ਕੇ ਸੈਣੀ ਨਾਲ ਮੀਟਿੰਗ ਕੀਤੀ ਗਈ। ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿਰਸਾ ਤੇ ਐਨ.ਕੇ ਸ਼ਰਮਾ ਨੇ ਆਰ.ਕੇ ਸੈਣੀ ਨਾਲ ਹਰਿਆਣਾ ਲੋਕ ਸਭਾ ਚੋਣਾਂ ਲਈ ਗਠਜੋੜ ਸਬੰਧੀ ਚਰਚਾ ਕੀਤੀ।
ਲੋਕ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਮਜਬੂਤ ਬਣਾਉਣ ਲਈ ਬੀਤੇ ਦਿਨ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹਰਿਆਣਾ ਵਾਸਤੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸਦੇ ਹੈੱਡ ਬਲਵਿੰਦਰ ਸਿੰਘ ਭੂੰਦੜ ਨੂੰ ਥਾਪਿਆ ਗਿਆ ਸੀ।
ਹਾਲਾਂਕਿ ਬੀਤੇ ਦਿਨੀਂ ਹੀ ਬਸਪਾ ਨੇ ਇਨੈਲੋ ਨਾਲੋਂ ਆਪਣਾ ਗਠਜੋੜ ਤੋੜ ਕੇ ਆਰ.ਕੇ ਸੈਣੀ ਦੀ .ਐਲ.ਐਸ.ਪੀ ਪਾਰਟੀ ਨਾਲ ਗਠਜੋੜ ਕਰ ਲਿਆ ਸੀ ਤੇ ਅੱਜ ਅਕਾਲੀ ਦਲ ਆਪਣੀ ਭਾਈਵਾਲ ਪਾਰਟੀ ਭਾਜਪਾ ਕੋਲ ਜਾਣ ਦੀ ਬਜਾਏ ਉਸ 'ਚੋਂ ਬਾਗੀ ਹੋਏ ਲੀਡਰ ਆਰ.ਕੇ ਸੈਣੀ ਕੋਲ ਪਹੁੰਚ ਗਏ। ਸਿਰਸਾ ਵੱਲੋਂ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਅਕਾਲੀ ਦਲ ਲੋਕ ਸਭਾ ਚੋਣਾਂ 'ਚ ਰਾਜਕੁਮਾਰ ਸੈਣੀ ਦੀ ਪਾਰਟੀ ਨਾਲ ਗਠਜੋੜ ਬਣਾਉਣ ਦੇ ਇਰਾਦੇ 'ਚ ਹੈ।