ਦੀਦਾਰ ਸਿੰਘ ਗੁਰਨਾ
ਫ਼ਤਹਿਗੜ੍ਹ ਸਾਹਿਬ, 11 ਫਰਵਰੀ 2019 - ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵੱਲੋਂ 'ਸਕਰਿਪਟ ਰਾਈਟਿੰਗ ਅਤੇ ਕੈਮਰਾ ਹੈਂਡਲਿੰਗ' 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬਾਬੂਸ਼ਾਹੀ ਡਾਟ ਕਾਮ ਦੇ ਨਿਊਜ਼ ਐਡੀਟਰ ਯਾਦਵਿੰਦਰ ਸਿੰਘ ਤੂਰ ਨੇ ਵਿਦਿਆਰਥੀਆਂ ਨੂੰ ਸਕਰਿਪਟਿੰਗ ਤੇ ਕੈਮਰੇ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ। ਸਕਰਿਪਟ ਲਿਖਣ ਦੇ ਵੱਖ-ਵੱਖ ਪਹਿਲੂਆਂ 'ਤੇ ਝਾਤ ਪਾਉਂਦਿਆਂ ਉਹਨਾਂ ਕਿਹਾ ਕਿ ਖਬਰ ਲਿਖਣ ਅਤੇ ਕਿਸੇ ਕਾਲਪਨਿਕ ਕਹਾਣੀ ਦੀ ਸਕਰਿਪਟ ਲਿਖਣ ਵਿਚ ਬਹੁਤ ਅੰਤਰ ਹੁੰਦਾ ਹੈ। ਜਿਥੇ ਖਬਰ ਵਿਚ ਤੱਥਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਉਥੇ ਕਾਲਪਨਿਕ ਕਹਾਣੀ ਵਿਚ ਰਚਨਾਤਮਕਤਾ ਨੂੰ ਪਹਿਲ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸਕਰਿਪਟ ਅਜਿਹੀ ਹੋਣੀ ਚਾਹੀਦੀ ਹੈ ਜਿਸ ਵਿਚ ਕੁੱਝ ਨਵਾਂਪਣ ਹੋਵੇ ਤੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਸਮਰੱਥਾ ਹੋਵੇ।
ਕੈਮਰੇ ਦੇ ਤਕਨੀਕੀ ਪੱਖਾਂ ਤੋਂ ਜਾਣੂ ਕਰਵਾਉਂਦਿਆਂ ਉਹਨਾਂ ਕਿਹਾ ਕਿ ਕੈਮਰਾ ਬਿਲਕੁਲ ਮਨੁੱਖੀ ਅੱਖ ਵਾਂਗ ਕੰਮ ਕਰਦਾ ਹੈ। ਕੋਈ ਵੀ ਤਸਵੀਰ ਖਿੱਚਣ ਤੋਂ ਪਹਿਲਾਂ ਇਨਸਾਨ ਨੂੰ ਆਪਣੇ ਮਨ ਅੰਦਰ ਤਸਵੀਰ ਬਣਾ ਲੈਣੀ ਚਾਹੀਦੀ ਹੈ। ਉਹਨਾਂ ਫਰੇਮਿੰਗ, ਫੋਕਸਿੰਗ, ਅਪਰਚਰ, ਸ਼ਟਰ ਸਪੀਡ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਕੇਵਲ ਕਿਤਾਬੀ ਗਿਆਨ ਵਿਦਿਆਰਥੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਨਹੀਂ ਲੈ ਕੇ ਜਾ ਸਕਦਾ। ਵਿਵਹਾਰਕ ਗਿਆਨ ਅਤੇ ਅਣਥੱਕ ਮਿਹਨਤ ਨਾਲ ਹੀ ਵਿਦਿਆਰਥੀ ਸਫਲਤਾ ਦੀਆਂ ਪੁਲਾਂਘਾਂ ਪੁੱਟ ਸਕਦੇ ਹਨ। ਉਹਨਾਂ ਵਿਦਿਆਰਥੀਆਂ ਨੂੰ ਆਪਣੇ ਖੇਤਰ ਵਿਚ ਮਹਾਰਤ ਹਾਸਲ ਕਰਨ ਲਈ ਪ੍ਰੇਰਿਆ।
ਵਿਭਾਗ ਮੁਖੀ ਪ੍ਰੋ. ਰੀਨਾ ਕੌਰ ਢਿੱਲੋਂ ਨੇ ਕਿਹਾ ਕਿ ਅਜੋਕੇ ਮੁਕਾਬਲੇ ਦੇ ਦੌਰ ਵਿਚ ਆਪਣਾ ਵਿਸ਼ੇਸ਼ ਮੁਕਾਮ ਹਾਸਲ ਕਰਨ ਲਈ ਕਾਬਿਲ ਬਣਨਾ ਜਰੂਰੀ ਹੈ ਤੇ ਇਹ ਕਾਬਲਿਅਤ ਨਿਰੰਤਰ ਅਭਿਆਸ ਕਰਨ ਨਾਲ ਤੇ ਵਿਵਹਾਰਕ ਗਿਆਨ ਹਾਸਲ ਕਰਨ ਨਾਲ ਹੀ ਆ ਸਕਦੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਰ ਪਲ ਕੁੱਝ ਨਾ ਕੁੱਝ ਨਵਾਂ ਸਿੱਖਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਐਮ.ਏ. ਭਾਗ ਦੂਜਾ ਦੀ ਵਿਦਿਆਰਥਣ ਦਮਨਪ੍ਰੀਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।
ਇਸ ਮੌਕੇ ਪ੍ਰੋ. ਰਣਦੀਪ ਕੌਰ, ਪ੍ਰੋ. ਦਿਲਰਾਜ ਸਿੰਘ, ਪ੍ਰੋ. ਨਵਰੂਪ ਤੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ 1 ਵਿਦਿਆਰਥੀਆਂ ਨੂੰ ਕੈਮਰੇ ਦੇ ਤਕਨੀਕੀ ਪੱਖਾਂ ਤੋਂ ਜਾਣੂ ਕਰਵਾਉਂਦੇ ਯਾਦਵਿੰਦਰ ਸਿੰਘ ਤੂਰ
2 ਯਾਦਵਿੰਦਰ ਸਿੰਘ ਤੂਰ ਨੂੰ ਯਾਦਗਾਰੀ ਚਿੰਨ੍ਹ ਦਿੰਦੇ ਪ੍ਰੋ. ਰੀਨਾ ਢਿੱਲੋਂ ਤੇ ਹੋਰ