ਸ੍ਰ ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਉਦਘਾਟਨ ਕਰਨ ਤੋਂ ਬਾਅਦ ਨਰੀਖਣ ਕਰਦੇ ਹੋਏ ਨਾਲ ਹਨ ਡਾਇਰੈਕਟਰ ਸ੍ਰੀ ਮਦਨ ਮੋਹਨ ਅਤੇ ਹੋਰ ਅਧਿਕਾਰੀ ।
ਬਾਬੂਸ਼ਾਹੀ ਬਿਉਰੋ
ਅੰਮ੍ਰਿਤਸਰ, 11 ਫਰਵਰੀ:
ਸ੍ਰ ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਵੱਲੋਂ ਅੱਜ ਨੀਲੀ ਕ੍ਰਾਂਤੀ ਸਕੀਮ ਅਧੀਨ ਸਥਾਪਤ ਕੀਤੀ ਗਈ ਪੰਜਾਬ ਦੀ ਪਹਿਲੀ ਫਿਸ਼ ਫੀਡ ਮਿੱਲ ਦਾ ਉਦਘਾਟਨ ਸਰਕਾਰੀ ਮੱਛੀ ਪੂੰਗ ਫਾਰਮ ਰਾਜਾਸਾਂਸੀ ਵਿਖੇ ਕੀਤਾ ਅਤੇ ਐਨ:ਐਫ:ਡੀ:ਬੀ ਹੈਦਰਾਬਾਦ ਵੱਲੋਂ ਪ੍ਰਾਪਤ ਵਿੱਤੀ ਸਹਾਇਤਾ ਨਾਲ ਮੱਛੀ ਪਾਲਕਾਂ ਨੂੰ 13 ਫਰਵਰੀ ਤੱਕ ਆਯੋਜਿਤ ਕੀਤੇ ਜਾ ਰਹੇ ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਪ੍ਰੋਗਰਾਮ ਦਾ ਵੀ ਉਦਘਾਟਨ ਕੀਤਾ। ਉਹਨਾਂ ਦੱਸਿਆ ਕਿ ਇਸ ਫਿਸ਼ ਫੀਡ ਮਿੱਲ ਨਾਲ ਮੱਛੀ ਪਾਲਕਾਂ ਨੂੰ ਬਾਜ਼ਾਰ ਨਾਲੋਂ ਸਸਤੀ ਅਤੇ ਗੁਣਵੱਤਾ ਭਰਪੂਰ ਮੱਛੀਆਂ ਲਈ ਖੁਰਾਕ ਮਿਲ ਸਕੇਗੀ।
ਇਸ ਮੌਕੇ ਸ੍ਰ ਸਿੱਧੂ ਨੇ ਕਿਹਾ ਕਿ ਕਿਸਾਨ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਖੇਤੀ ਦੇ ਨਾਲ ਨਾਲ ਮੱਛੀ ਪਾਲਣ, ਪਸ਼ੂ ਪਾਲਣ, ਪੋਲਟਰੀ ਫਾਰਮ ਵਰਗੇ ਸਹਾਇਕ ਧੰਦੇ ਜਰੂਰ ਅਪਣਾਉਣ ਇਹ ਧੰਦੇ ਉਨ੍ਹਾ ਦੀ ਆਰਥਿਕ ਹਾਲਤ ਸੁਧਾਰਨ ਲਈ ਕਾਫੀ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਹਾਇਕ ਧੰਦਿਆਂ ਤੋਂ ਉਪਜੇ ਉਤਪਾਦਨ ਦੀ ਮਾਰਕੀਟਿੰਗ ਖੁਦ ਕਰਨ ਜਿਸ ਨਾਲ ਉਨਾਂ ਨੂੰ ਕਾਫੀ ਫਾਇਦਾ ਮਿਲੇਗਾ। ਸ੍ਰ ਸਿੱਧੂ ਵੱਲੋਂ ਟ੍ਰੇਨਿੰਗ ਲੈਣ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਨਵਾਂ ਫਿਸ਼ ਪੌਂਡ ਬਣਾਉਣ ਲਈ 40 ਫੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਫੀਡ ਮਿੱਲ ਦੇ ਚਾਲੂ ਹੋਣ ਨਾਲ ਮੱਛੀ ਪਾਲਕਾਂ ਨੂੰ ਸਰਕਾਰੀ ਤੌਰ ਤੇ ਫੀਡ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾ ਦੱਸਿਆ ਕਿ ਸਹਾਇਕ ਧੰਦਿਆਂ ਨੂੰ ਸ਼ੁਰੂ ਕਰਨ ਨਾਲ ਖਰਚੇ ਘੱਟ ਹੁੰਦੇ ਹਨ ਅਤੇ ਆਮਦਨ ਵਿੱਚ ਵੀ ਚੋਖਾ ਵਾਧਾ ਹੁੰਦਾ ਹੈ।
ਸ੍ਰ ਸਿੱਧੂ ਵੱਲੋਂ ਨਵਾਂ ਫਿਸ਼ ਪੌਂਡ ਬਣਾਉਣ ਵਾਲੇ ਮੱਛੀ ਪਾਲਕਾਂ ਨੂੰ ਸਬਸਿਡੀ ਦੇ ਚੈਕ ਵੀ ਵੰਡੇ ਗਏ। ਟ੍ਰੇਨਿੰਗ ਕੈਂਪ ਦੌਰਾਨ ਮੱਛੀ ਪਾਲਕਾਂ ਵੱਲੋਂ ਆਪਣੀਆਂ ਕੁਝ ਮੁਸ਼ਕਲਾਂ ਮੰਤਰੀ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਅਤੇ ਸ੍ਰ ਸਿੱਧੂ ਵੱਲੋਂ ਮੌਕੇ ਤੇ ਹੀ ਇਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ। ਸ੍ਰ ਸਿੱਧੂ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ 13 ਫੀਸਦੀ ਯੋਗਦਾਨ ਪਸ਼ੂ ਧਨ ਦਾ ਪੰਜਾਬ ਵੱਲੋਂ ਪਾਇਆ ਜਾਂਦਾ ਹੈ। ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਕਿਹਾ ਕਿ ਉਹ ਡੇਅਰੀ ਦੇ ਧੰਦੇ ਵੱਲ ਵੀ ਖਾਸ ਧਿਆਨ ਦੇਣ ਕਿਉਂਕਿ ਇਸ ਧੰਦੇ ਨਾਲ ਵੀ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਸ੍ਰ ਸਿੱਧੂ ਵੱਲੋਂ ਮੱਛੀ ਪੂੰਗ ਫਾਰਮ ਦਾ ਨਰੀਖਣ ਵੀ ਕੀਤਾ ਗਿਆ ਅਤੇ ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ੍ਰ ਸਿੱਧੂ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਸ: ਸਿੱਧੂ ਵਲੋਂ ਮੱਛੀ ਪਾਲਣ ਵਿਭਾਗ ਵਲੋਂ ਜਾਰੀ ਕੀਤਾ ਗਿਆ ਇਕ ਫੋਲਡਰ ਵੀ ਰਿਲੀਜ਼ ਕੀਤਾ ਗਿਆ ਜਿਸ ਵਿੱਚ ਮੱਛੀ ਪਾਲਕਾਂ ਨੂੰ ਮੱਛੀ ਪਾਲਣ ਦੇ ਤਰੀਕੇ ਦੱਸੇ ਗਏ ਹਨ।
ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ, ਸ੍ਰੀ ਮਦਨ ਮੋਹਨ ਨੇ ਦੱਸਿਆ ਕਿ ਇਥੇ ਚੱਲ ਰਹੇ ਤਿੰਨ ਦਿਨਾਂ ਟ੍ਰੈਨਿੰਗ ਕੈਂਪ ਵਿੱਚ 50 ਮੱਛੀ ਪਾਲਣ ਦੇ ਧੰਦੇ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ ਟ੍ਰੇਨਿੰਗ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ 2808 ਹੈਕਟੇਅਰ ਰਕਬਾ ਮੱਛੀ ਪਾਲਣ ਅਧੀਨ ਹੈ ਅਤੇ ਹੁਣ ਤੱਕ 522 ਵਿਅਕਤੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਚੁੱਕੀ ਹੈ।
ਇਸ ਮੌਕੇ ਮੱਛੀ ਪਾਲਣ ਦੇ ਸਹਾਇਕ ਡਾਇਰੈਕਟਰ ਸ੍ਰੀ ਰਾਜ ਕੁਮਾਰ ਨੇ ਦੱਸਿਆ ਕਿ ਸਰਕਾਰੀ ਮੱਛੀ ਪੂੰਗ ਫਾਰਮ ਰਾਜਾਸਾਂਸੀ ਵਿਖੇ 92 ਲੱਖ ਪੂੰਗ ਮੱਛੀ ਪਾਲਕਾਂ ਨੂੰ ਸਪਲਾਈ ਕੀਤਾ ਹੈ ਅਤੇ ਹੁਣ ਤੱਕ 700 ਸਿਧੇ ਤੌਰ ਤੇ ਅਤੇ 2800 ਵਿਅਕਤੀ ਅਸਿੱਧੇ ਤੌਰ ਤੇ ਮੱਛੀ ਪਾਲਣ ਰੁਜ਼ਗਾਰ ਅਧੀਨ ਹਨ। ਉਨ੍ਹਾ ਦੱਸਿਆ ਕਿ 41 ਕਿਸਾਨਾਂ ਨੂੰ 64 ਲੱਖ ਰੁਪਏ ਦੀ ਸਬਸਿਡੀ ਵੀ ਮੁਹੱਈਆ ਕਰਵਾਈ ਗਈ ਹੈ।
ਇਸ ਮੌਕੇ ਡਾ: ਪਵਨ ਕੁਮਾਰ ਮਲਹੋਤਰਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਾ ਸੁਖਵਿੰਦਰ ਸਿੰਘ, ਸ੍ਰ ਦਲਜੀਤ ਸਿੰਘ ਮੱਛੀ ਪ੍ਰਸਾਰ ਅਫਸਰ, ਸ੍ਰੀ ਰਾਕੇਸ਼ ਚੰਦ ਸ਼ਰਮਾ, ਸ੍ਰੀ ਸ਼ਲਿੰਦਰਜੀਤ ਸਿੰਘ ਸ਼ੈਲੀ, ਸ੍ਰ ਦਵਿੰਦਰ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
- - -