ਜੈਤੋ, 13 ਫਰਵਰੀ 2019 - ਥਾਣਾ ਜੈਤੋਂ ਦੇ ਨੇੜਲੇ ਪਿੰਡ ਗੋਬਿੰਦਗੜ ਵਿੱਚ ਇੱਕ ਕਲਯੁਗੀ ਪਿਓ ਵੱਲੋਂ ਆਪਣੇ ਹੀ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦੋਸ਼ੀ ਛੋਟਾ ਸਿੰਘ (65) ਦੇ ਆਪਣੀ ਨੂੰਹ ਜਸਵੀਰ ਕੌਰ ਨਾਲ ਨਜਾਇਜ ਸਬੰਧ ਸਨ। ਉਸਦਾ ਪੁੱਤਰ ਆਪਣੇ ਪਿਓ ਨੂੰ ਅਕਸਰ ਹੀ ਰੋਕਦਾ ਸੀ। ਜਿਸ ਕਾਰਨ ਪਿਛਲੀ ਰਾਤ ਛੋਟਾ ਸਿੰਘ ਨੇ ਪੁੱਤਰ ਨੂੰ ਆਪਣੇ ਰਸਤੇ ਚੋਂ ਹਟਾਉਣ ਲਈ ਤੇਜਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਤੋਂ ਬਾਅਦ ਦੋਸ਼ੀ ਨੇ ਲਾਸ਼ ਨੂੰ ਦੋ ਬੋਰਿਆਂ ਚ ਭਰ ਕੇ ਰੱਖ ਲਿਆ ਇੱਕ ਬੋਰੇ ਨੂੰ ਤਾਂ ਗਟਰ ਵਿੱਚ ਸੁੱਟ ਦਿੱਤਾ, ਪਰ ਜਦ ਉਹ ਦੂਸਰਾ ਬੋਰਾ ਸੁੱਟਣ ਜਾ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸਨੂੰ ਵੇਖ ਲਿਆ। ਇਸ ਤੋਂ ਬਾਅਦ ਲੋਕਾਂ ਨੇ ਦੋਸ਼ੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।
ਡੀ.ਐਸ.ਪੀ ਕੁਲਦੀਪ ਸਿੰਘ ਸੋਹੀ ਅਤੇ ਐਸ.ਐਚ.ਓ ਸੁਖਮਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਤਲ ਲਈ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।