ਪਟਿਆਲਾ, 16 ਫਰਵਰੀ 2019 : ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਪ੍ਰੋਗਰਾਮ ਨੂੰ ਲਾਗੂ ਕਰਨ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਵਜੋਂ ਖੇਤੀਬਾੜੀ ਤੇ ਕਿਸਾਨ ਭਲਾਈ ਸਮੇਤ ਪਸ਼ੂ ਪਾਲਣ ਵਿਭਾਗ ਖੇਤੀਬਾੜੀ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰ ਰਹੇ ਹਨ।
ਇਸਦੀ ਇੱਕ ਮਿਸਾਲ ਇੱਥੇ ਨਾਭਾ ਰੋਡ 'ਤੇ ਪਿੰਡ ਲਲੌਡਾ ਵਿਖੇ ਸੂਰ ਪਾਲਣ ਦੇ ਧੰਦੇ ਨਾਲ ਜੁੜੇ ਵਿਅਕਤੀਆਂ ਵੱਲੋਂ ਸਾਂਝੇ ਤੌਰ 'ਤੇ ਸਥਾਪਤ ਕੀਤੇ ਗਏ ਯੌਰਕ ਸਟਾਈਵਰੀਜ਼ ਤੋਂ ਮਿਲਦੀ ਹੈ, ਜਿਹੜਾ ਕਿ ਖ਼ੁਦ ਤਾਂ ਸੂਰ ਪਾਲਣ ਤੋਂ ਚੰਗੀ ਆਮਦਨੀ ਪ੍ਰਾਪਤ ਕਰ ਹੀ ਰਿਹਾ ਹੈ ਸਗੋਂ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਣਾ ਦਾ ਸ੍ਰੋਤ ਬਣ ਰਿਹਾ ਹੈ, ਜਿਥੇ ਉਚ ਨਸਲ ਦੇ ਯੌਰਕਸ਼ਾਇਰ ਨਸਲ ਦੇ ਚਿੱਟੇ ਸੂਰ ਪਾਲੇ ਜਾ ਰਹੇ ਹਨ। ਇਹ ਫਾਰਮ ਕੈਨੇਡੀਅਨ ਬਰੀਡ ਤੇ ਪਿਗਰੀ ਮਾਹਰਾਂ ਨਾਲ ਮਿਲਕੇ ਐਫ਼ 1 ਬਰੀਡ ਤੋਂ ਤਿਆਰ ਸੂਰਾਂ ਦਾ ਫਾਰਮ ਬਣ ਗਿਆ ਹੈ।
ਪਸ਼ੂ ਪਾਲਕ ਸ. ਐਚ.ਪੀ.ਐਸ. ਲਾਂਬਾ, ਗੁਰਕੀਰਤ ਸਿੰਘ ਤੇ ਕੇ.ਐਸ. ਸੇਖੋਂ ਨੇ ਕਿਹਾ ਕਿ ਤਹਿਤ ਪਸ਼ੂ ਪਾਲਣ ਵਿਭਾਗ ਵੱਲੋਂ ਸੂਰ ਪਾਲਕਾਂ ਨੂੰ ਆਪਣੀ ਪੈਦਾਵਾਰ ਮਾਰਕੀਟ 'ਚ ਉਪਲਬਧ ਕਰਾਉਣ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਸੂਰ ਪਾਲਣ ਦੇ ਕਿੱਤੇ ਉਪਰ ਡੇਅਰੀ ਫਾਰਮ ਦੇ ਮੁਕਾਬਲੇ ਘੱਟ ਖਰਚ ਹੁੰਦਾ ਹੈ ਤੇ ਇਸ ਵਾਸਤੇ ਜਗ੍ਹਾ ਦੀ ਵੀ ਘੱਟ ਲੋੜ ਪੈਂਦੀ ਹੈ ਪਰੰਤੂ ਆਮਦਨ ਖੇਤੀ ਦੇ ਮੁਕਾਬਲੇ 10 ਗੁਣਾ ਤੱਕ ਵੱਧ ਪ੍ਰਾਪਤ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ 'ਤੇ ਲੇਬਰ ਦੀ ਵੀ ਬਹੁਤ ਘੱਟ ਲੋੜ ਹੁੰਦੀ ਹੈ ਇਕ ਸੂਰਨੀ ਤੋਂ ਸਾਲ 'ਚ ਲਗਪਗ 20-25 ਬੱਚੇ ਪੈਦਾ ਹੁੰਦੇ ਹਨ ਤੇ ਇਕ ਬੱਚਾ ਲਗਭਗ 3000 ਰੁਪਏ ਦਾ ਵਿਕ ਜਾਂਦਾ ਹੈ।
ਸ. ਲਾਂਬਾ ਨੇ ਦੱਸਿਆ ਕਿ ਇਕ ਸੂਰ ਇਕ ਸਾਲ 'ਚ ਮੀਟ ਵਾਸਤੇ ਵੇਚਣ ਲਈ ਤਿਆਰ ਹੋ ਜਾਂਦਾ ਹੈ, ਉਸ ਉਪਰ ਇਸ ਇਕ ਸਾਲ ਦੌਰਾਨ ਖਾਣ-ਪੀਣ ਅਤੇ ਰੱਖ ਰਖਾਅ 'ਤੇ ਲਗਭਗ 5 ਹਜ਼ਾਰ ਰੁਪਏ ਖਰਚੇ ਹੁੰਦੇ ਹਨ ਜਦੋਂਕਿ ਇਹ ਸੂਰ 8 ਹਜ਼ਾਰ ਰੁਪਏ ਦਾ ਵਿਕਦਾ ਹੈ।ਇਨ੍ਹਾਂ ਲਈ ਫੀਡ ਦੀ ਵੀ ਕੋਈ ਸਮੱਸਿਆ ਨਹੀਂ ਹੈ ਮੱਕੀ, ਸੋਇਆਬੀਨ ਤੇ ਚਾਵਲ ਦਾ ਟੁਕੜਾ ਤੇ ਪਾਲਸ਼ ਇਨ੍ਹਾਂ ਦੀ ਪਸੰਦੀਦਾ ਖੁਰਾਕ ਹਨ ਤੇ ਇਸ ਦੀ ਮਾਰਕੀਟ ਮੁੱਖ ਤੌਰ 'ਤੇ ਗੋਹਾਟੀ, ਦਿੱਲੀ, ਗੁੜਗਾਓਂ ਹੈ।
ਇਨ੍ਹਾਂ ਪਸ਼ੂ ਪਾਲਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਫਾਰਮ ਦੁਰਗੰਧ ਰਹਿਤ ਹੈ ਤੇ ਮੌਡਰਨ ਤਕਨੀਕ ਨਾਲ ਬਣਿਆ ਹੋਇਆ ਹੈ।ઠਫਾਰਮ ਵਿਚ ਪਸ਼ੂਆਂ ਦਾ ਸੁੱਕਾ ਗੋਹਾ ਚਕਵਾ ਕੇ ਬਾਇਓ ਗੈਸ ਪਲਾਂਟ ਵਿਚ ਵਰਤਿਆ ਜਾਂਦਾ ਹੈ ਤੇ ਗੈਸ ਸਰਦੀਆਂ ਵਿਚ ਪਸ਼ੂਆਂ ਦੇ ਸ਼ੈਡ ਨੂੰ ਨਿੱਘਾ ਰੱਖਦੀ ਹੈ।ਇਥੋਂ ਨਵੇਂ ਫਾਰਮ ਖੋਲਣ ਵਾਲਿਆਂ ਨੂੰ ਉਚਿਤ ਮੁੱਲ 'ਤੇ ਵਧੀਆ ਨਸਲ ਦੇ ਬੱਚੇ ਸਪਲਾਈ ਕੀਤੇ ਜਾਂਦੇ ਹਨ ਅਤੇ ਨਵੇਂ ਫਾਰਮ ਖੋਲਣ ਵਿਚ ਮਦਦ ਵੀ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸੂਰ ਨੂੰ ਠੀਕ ਖੁਰਾਕ ਖਵਾਈ ਜਾਵੇ ਤੇ ਵਿਗਿਆਨਿਕ ਢੰਗ ਨਾਲ ਰੱਖਿਆ ਜਾਵੇ ਤਾਂ ਇਸ ਧੰਦੇ ਤੋਂ ਵੀ ਕਾਫੀ ਲਾਭ ਕਮਾਇਆ ਜਾ ਸਕਦਾ ਹੈ। ਸੂਰ ਇੱਕ ਅਜਿਹਾ ਜਾਨਵਰ ਹੈ ਜਿਹੜਾ ਤੇਜੀ ਨਾਲ ਵੱਧਣ ਫੁਲਣ ਦੀ ਸਮਰਥਾ ਰੱਖਦਾ ਹੈ ਅਤੇ ਬੱਚਿਆ ਦੀ ਗਿਣਤੀ ਕਿਸੇ ਹੋਰ ਜਾਨਵਰ ਦੀ ਤੁਲਨਾ ਵਿੱਚ ਜਿਆਦਾ ਹੈ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਖੇਤੀ ਬਾੜੀ ਨਾਲ ਜੁੜੇ ਕਿਸਾਨ ਸਹਾਇਕ ਧੰਦੇ ਡੇਅਰੀ ਫਾਰਮਿੰਗ, ਬੱਕਰੀ ਪਾਲਣ, ਸੂਰ ਪਾਲਣ, ਮੁਰਗੀ ਤੇ ਮੱਛੀ ਪਾਲਣ ਨਾਲ ਜੁੜਕੇ ਜਿੱਥੇ ਆਪਣੀ ਆਮਦਨ ਵਧਾ ਸਕਦੇ ਹਨ, ਉਥੇ ਹੀ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੋੜਨ ਦੇ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਅੱਜ ਅਜਿਹੇ ਕਿਸਾਨਾਂ ਦੀ ਗਿਣਤੀ ਵਧ ਰਹੀ ਹੈ, ਜੋਕਿ ਖੇਤੀਬਾੜੀ ਨਾਲ ਸਬੰਧਤ ਰੋਜ਼ਗਾਰ ਦੇ ਆਪਣੇ ਕੇਂਦਰ ਵੀ ਸਥਾਪਤ ਕਰ ਰਹੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਘੱਟ ਲਾਗਤ ਨਾਲ ਘੱਟ ਸਮੇਂ ਵਿੱਚ ਜਿਆਦਾ ਮੁਨਾਫਾ ਲੈਣ ਲਈ ਬੱਕਰੀ ਫ਼ਾਰਮਿੰਗ ਤੇ ਸੂਰ ਫ਼ਾਰਮਿੰਗ ਕਾਫ਼ੀ ਲਾਹੇਵੰਦਾ ਸਾਬਤ ਹੋ ਰਹੇ ਹਨ ਅਤੇ ਸਰਕਾਰ ਵੱਲੋਂ ਇਹ ਧੰਦੇ ਅਪਣਾਉਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ ਅਤੇ ਪਸ਼ੂ ਪਾਲਕਾਂ ਤੇ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁਕਣ ਲਈ ਆਰ.ਕੇ.ਵੀ.ਵਾਈ ਸਕੀਮ ਅਧੀਨ ਮਦਦ ਉਪਲੱਬਧ ਕਰਵਾਈ ਜਾ ਰਹੀ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸੂਰ ਪਾਲਣ ਅਤੇ ਬੱਕਰੀ ਪਾਲਣ ਦੇ ਯੂਨਿਟ ਖੋਲਣ ਲਈ ਸਹਿਕਾਰੀ ਅਤੇ ਹੋਰ ਬੈਂਕਾ ਵੱਲੋਂ ਅੱਠ ਲੱਖ ਅਤੇ ਦੋ ਲੱਖ ਦਾ ਕਰਜਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਪੜ੍ਹੇ ਲਿਖੇ ਬੇਰੁਜਗਾਰ ਨੌਜਵਾਨਾਂ, ਔਰਤਾਂ ਸੂਰ ਪਾਲਣ ਅਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਲ 2018-19 ਦੌਰਾਨ ਲਗਭਗ 800 ਪਸ਼ੂ ਪਾਲਕਾਂ ਨੂੰ ਸੂਰ ਪਾਲਣ ਅਤੇ 85 ਜਣਿਆਂ ਨੂੰ ਬੱਕਰੀ ਪਾਲਣ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਖਲਾਈ ਲੈਣ ਉਪਰੰਤ ਸਵੈ ਰੁਜਗਾਰ ਤਹਿਤ 35 ਪਸ਼ੂ ਪਾਲਕਾਂ ਵੱਲੋਂ ਆਪਣੇ ਸੂਰ ਫਾਰਮ ਖੁੱਲੇ ਜਾ ਚੁੱਕੇ ਹਨ। ਇਸ ਦੇ ਨਾਲ ਹੀ 15 ਸੂਰ ਪਾਲਕਾਂ ਦੇ ਕੇਸ ਕਰਜੇ ਲਈ ਵੱਖ-ਵੱਖ ਬੈਂਕਾ ਨੂੰ ਭੇਜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਤੇ ਕਰਜੇ ਤੋਂ ਇਲਾਵਾ ਪੰਜਾਬ 'ਚ ਸਰਕਾਰੀ ਸੂਰ ਫਾਰਮ ਨਾਭਾ, ਛੱਜੂ ਮਾਜਰਾ ਐਸ.ਏ.ਐਸ ਨਗਰ, ਗੁਰਦਾਸਪੁਰ, ਮੱਲਵਾਲ ਫਿਰੋਜਪੁਰ ਤੋਂ ਦੋ ਤੋਂ ਤਿੰਨ ਮਹੀਨਿਆਂ ਦੇ ਸੂਰ ਦੇ ਬੱਚੇ ਵੀ ਉਪਲੱਬਧ ਕਰਵਾਏ ਜਾਂਦੇ ਹਨ ਅਤੇ ਲੋਕਾਂ ਨੂੰ ਸੂਰ ਫਾਰਮ ਸਥਾਪਿਤ ਕਰਨ ਵਿੱਚ ਵਿਭਾਗ ਵੱਲੋਂ ਮਦਦ ਕੀਤੀ ਜਾਂਦੀ ਹੈ।