ਐੱਸ.ਏ.ਐੱਸ. ਨਗਰ 16 ਫਰਵਰੀ 2019: ਸਿੱਖਿਆ ਮੰਤਰੀ ਓ ਪੀ ਸੋਨੀ ਦੀ ਰਹਿਨੁਮਾਈ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਰਾਸ਼ਟਰੀ ਪੱਧਰ ਦੀਆਂ ਅਕਾਦਮਿਕ ਸਹਿਅਕਾਦਮਿਕ ਪ੍ਰਤੀਯੋਗਤਾਵਾਂ ਵਿੱਚ ਮੱਲਾਂ ਮਾਰ ਰਹੇ ਹਨ| ਸਿੱਖਿਆ ਵਿਭਾਗ ਪੰਜਾਬ ਵਿਗਿਆਨ ਵਿਸ਼ੇ ਦੀ ਸਿੱਖਿਆ ਨੂੰ ਮਿਆਰੀ ਤੇ ਗੁਣਾਤਮਿਕ ਬਣਾਉਣ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਚਲਾ ਰਿਹਾ ਹੈ|
ਸਾਇੰਸ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਰੂਚੀ ਵਧਾਉਣ ਤੇ ਸਮਾਜ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲਾਂ ਨੂੰ ਮਾਡਲਾਂ ਰਾਹੀਂ ਸਮਝਣ ਤੇ ਸਮਝਾਉਣ ਲਈ ਸਾਇੰਸ ਤੇ ਤਕਨੀਕੀ ਵਿਭਾਗ ਵੱਲੋਂ ਸੱਤਵੇਂ ਨੈਸ਼ਨਲ ਪੱਧਰ ਇੰਸਪਾਇਰ ਐਵਾਰਡ ਪ੍ਰਤੀਯੋਗਤਾ 13-15 ਫਰਵਰੀ ਤੱਕ ਆਈਆਈਟੀ ਦਿੱਲੀ ਵਿਖੇ ਆਯੋਜਿਤ ਕੀਤੀ ਗਈ| ਇਸ ਸਬੰਧੀ ਦਫਤਰ ਡਾਇਰੈਕਟਰ ਐੱਸਸੀਈਆਰਟੀ ਦੇ ਉੱਦਮਾਂ ਸਦਕਾ ਇਸ ਪ੍ਰਤੀਯੋਗਤਾ ਵਿੱਚ ਪੰਜਾਬ ਦੇ ਸਕੂਲਾਂ ਦੇ 19 ਵਿਦਿਆਰਥੀਆਂ ਨੇ ਭਾਗ ਲੈ ਕੇ ਨਵੀਂ ਸੋਚ ਨਾਲ ਬਣਾਏ ਮਾਡਲਾਂ ਦਾ ਪ੍ਰਦਰਸ਼ਨ ਕੀਤਾ| ਇਹ ਵਿਦਿਆਰਥੀ ਪੂਰੇ ਪੰਜਾਬ ਭਰ ਵਿੱਚੋਂ 753 ਮਾਡਲਾਂ ਵਿੱਚੋਂ ਵਧੀਆ ਪੇਸ਼ਕਾਰੀ ਕਬਰਨ ਕਾਰਨ ਇਸ ਪ੍ਰਤੀਯੋਗਤਾ ਦਾ ਹਿੱਸਾ ਬਣੇ|
ਇਸ ਸਬੰਧੀ ਦਫਤਰ ਐੱਸਸੀਈਆਰਟੀ ਪੰਜਾਬ ਤੋਂ ਵਿਸ਼ਾ ਮਾਹਿਰ ਜਯੋਤੀ ਸੋਨੀ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਫ਼ਾਜ਼ਿਲਕਾ ਦੇ 3-3, ਲੁਧਿਆਣਾ ਦੇ 2 ਅਤੇ ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਕਪੂਰਥਲਾ, ਜਲੰਧਰ, ਐੱਸ.ਏ.ਐੱਸ. ਨਗਰ, ਫਤਿਹਗੜ੍ਹ ਸਾਹਿਤ, ਪਟਿਆਲਾ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ ਤੇ ਫਰੀਦਕੋਟ ਜ਼ਿਲ੍ਹੇ ਤੋਂ ਇੱਕ-ਇੱਕ ਮਾਡਲ ਪੇਸ਼ ਕੀਤਾ ਗਿਆ| ਇਹਨਾਂ ਮਾਡਲਾਂ ਵਿੱਚ ਤਕਨਾਲੋਜੀ ਤੇ ਅਧਾਰਿਤ 9, ਖੇਤੀਬਾੜੀ ਤੇ ਅਧਾਰਿਤ 3, ਰਹਿੰਦ-ਖੁੰਹਦ ਤੇ ਅਧਾਰਿਤ 3, ਸਿਹਤ ਅਤੇ ਸਫ਼ਾਈ ਤੇ ਅਧਾਰਿਤ 2, ਕੁਦਰਤੀ ਆਫ਼ਤਾਂ ਦੇ ਪ੍ਰਬੰਧਨ ਤੇ ਅਧਾਰਿਤ 1 ਤੇ ਸਰੋਤਾਂ ਤੇ ਅਧਾਰਿਤ 1 ਮਾਡਲ ਪੇਸ਼ ਕੀਤਾ ਗਿਆ|
ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਪੱਧਰ ਉੱਤੇ 850 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 60 ਵਿਦਿਆਰਥੀਆਂ ਦੀ ਚੋਣ ਅੰਤਰਰਾਸ਼ਟਰੀ ਕਾਰਨੀਵਾਲ ਲਈ ਕੀਤੀ ਗਈ ਹੈ| ਇਹਨਾਂ 60 ਵਿਦਿਆਰਥੀਆਂ ਵਿੱਚੋਂ 2 ਵਿਦਿਆਰਥੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹਨ| ਇਨ੍ਹਾਂ ਵਿਦਿਆਰਥੀਆਂ ਨੂੰ ਰਾਸ਼ਟਰੀ ਭਵਨ ਵਿਖੇ ਵੀ ਸੱਦਾ ਦਿੱਤਾ ਜਾਵੇਗਾ| ਉਹਨਾਂ ਦੱਸਿਆ ਕਿ ਸਹਸ ਗੁਰੂਵਾਲੀ (ਅੰਮ੍ਰਿਤਸਰ) ਦੇ ਸੱਤਵੀਂ ਦੇ ਊਦੈਨੂਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਾਈ ਫੇਮੇ ਕੇ (ਫਿਰੋਜ਼ਪੁਰ) ਦੀ ਤਾਨੀਆ, ਦੋਨੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਚੋਣ ਵੀ ਰਾਸ਼ਟਰਪਤੀ ਭਵਨ ਵਿਖੇ ਸੰਸਾਰ ਪ੍ਰਸਿੱਧ ਵਿਗਿਆਨੀਆਂ ਨੂੰ ਮਿਲਣ ਤੇ ਅੰਤਰਰਾਸ਼ਟਰੀ ਕਾਰਨੀਵਾਲ ਲਈ ਹੋਈ ਹੈ|
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਅਗਲੇ ਰਾਊਂਡ ਵਿੱਚ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚੋਂ ਅੰਤਰਰਾਸ਼ਟਰੀ ਪੱਧਰ ਦੀ ਚੋਣ ਵਿੱਚ ਸਫ਼ਲਤਾ ਪ੍ਰਾਪਤ ਕਰਨ ਨਾਲ ਵਿਦਿਆਰਥੀਆਂ ਦਾ ਮਨੋਬਲ ਵਧਿਆ ਹੈ ਅਤੇ ਨਾਲ ਹੀ ਮਾਪਿਆਂ ਨੂੰ ਵੀ ਸਰਕਾਰੀ ਸਕੂਲਾਂ ਵਿੱਚ ਆਪੇ ਬੱਚੇ ਪੜ੍ਹਾ ਕੇ ਮਾਣ ਮਹਿਸੂਸ ਹੋ ਰਿਹਾ ਹੋਵੇਗਾ| ਇਸ ਤੋਂ ਇਲਾਵਾ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਪੰਜਾਬ ਮੁਹੰਮਦ ਤਾਇਬ ਨੇ ਵੀ ਸਫ਼ਲ ਵਿਦਿਆਰਥੀਆਂ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ|
ਵੱਖ-ਵੱਖ ਪ੍ਰਦੇਸ਼ਾਂ ਤੋਂ ਆਏ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਪੰਜਾਬ ਦੇ ਮਾਡਲਾਂ ਤੇ ਉਹਨਾਂ ਦੀ ਪੇਸ਼ਕਾਰੀ ਦੀ ਭਰਪੂਰ ਸਰਾਹਨਾ ਕੀਤੀ|