ਬਟਾਲਾ, 16 ਫਰਵਰੀ 2019: ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਓ.ਪੀ. ਸੋਨੀ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਸਰਕਾਰੀ ਸਕੂਲਾਂ ਦਾ ਇਸ ਵਾਰ ਬੋਰਡ ਦੇ ਇਮਤਿਹਾਨਾਂ ਦਾ ਨਤੀਜਾ 100 ਫੀਸਦੀ ਆਵੇਗਾ ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਸਕੂਲ ਦਾ ਨਤੀਜਾ ਆਸ ਨਾਲੋਂ ਘੱਟ ਰਿਹਾ ਤਾਂ ਉਨ੍ਹਾਂ ਸਕੂਲਾਂ ਦੇ ਮੁਖੀਆਂ ਅਤੇ ਸਬੰਧਤ ਅਧਿਆਪਕਾਂ ਖਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਸੂਬੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣਾ ਸਰਕਾਰ ਦਾ ਮੁੱਖ ਏਜੰਡਾ ਹੈ। ਅੱਜ ਕਾਦੀਆਂ ਦੇ ਕਲਾਸਵਾਲਾ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਦੇ 69ਵੇਂ ਸਲਾਨਾ ਇਨਾਮ ਵੰਡ ਸਮਾਗਮ ਵਿੱਚ ਹਾਜ਼ਰੀ ਭਰਦਿਆਂ ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਨਾਲ ਨਿੱਜੀ ਸਕੂਲ ਵੀ ਵਿੱਦਿਆ ਦੇ ਪਸਾਰ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ।
ਸਿੱਖਿਆ ਮੰਤਰੀ ਸ਼੍ਰੀ ਓ.ਪੀ. ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਹੋਰ ਸੁਧਾਰ ਲਿਆਉਣ ਲਈ ਬਹੁਤ ਜਲਦ ਇੱਕ ਸਲਾਹਕਾਰ ਬੋਰਡ ਦਾ ਗਠਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਿੱਖਿਆ ਸ਼ਾਸ਼ਤਰੀ, ਰਿਟਾਇਡ ਪ੍ਰਿੰਸੀਪਲ ਅਤੇ ਸਿੱਖਿਆ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਹੋਰ ਵੀ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਵਾਰ ਸਿੱਖਿਆ ਬਜ਼ਟ ਵਿੱਚ ਪਿਛਲੇ ਸਾਲਾਂ ਨਾਲੋਂ 10 ਤੋਂ 15 ਫੀਸਦੀ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵਰਦੀਆਂ ਦੇਣ ਲਈ 90 ਕਰੋੜ ਰੁਪਏ ਦੇ ਟੈਂਡਰ ਲਗਾ ਦਿੱਤੇ ਹਨ। ਇਸਤੋਂ ਇਲਾਵਾ 23 ਕਰੋੜ ਰੁਪਏ ਦੇ ਟੈਂਡਰ ਸਕੂਲਾਂ ਵਿੱਚ ਫਰਨੀਚਰ ਦੇਣ ਲਈ ਲਗਾਏ ਗਏ ਹਨ ਅਤੇ ਹਰ ਸਕੂਲ ਵਿੱਚ ਬੱਚਿਆਂ ਨੂੰ ਬੈਠਣ ਲਈ ਡੈਸਕ ਮੁਹੱਈਆ ਕਰਾਏ ਜਾਣਗੇ। ਉਨ੍ਹਾਂ ਨਾਲ ਹੀ ਦੱਸਿਆ ਕਿ 10 ਕਰੋੜ ਰੁਪਏ ਦੇ ਟੈਂਡਰ ਸਕੂਲਾਂ ਵਿੱਚ ਪੜ੍ਹਦੀਆਂ ਕਿਸ਼ੋਰ ਉਮਰ ਦੀਆਂ ਵਿਦਿਆਰਥਣਾਂ ਨੂੰ ਸੈਂਨਟਰੀ ਨੈਪਕਿਨ ਦੇਣ ਲਈ ਲਗਾਏ ਗਏ ਹਨ ਅਤੇ ਅਗਲੇ 15 ਦਿਨਾਂ ਤੱਕ ਹਰ ਸਕੂਲ ਵਿੱਚ ਇਹ ਸੈਨਟਰੀ ਨੈਪਕਿਨ ਪਹੁੰਚਾ ਦਿੱਤੇ ਜਾਣਗੇ।
ਸ਼੍ਰੀ ਸੋਨੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਦਿਆਂ 3500 ਅਧਿਆਪਕ ਭਰਤੀ ਕਰਕੇ ਸਰਹੱਦੀ ਖੇਤਰ ਦੇ ਸਕੂਲਾਂ ਵਿੱਚ ਲਗਾਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਹੁਣ ਡਿਜੀਟਲ ਤਕਨੀਕ ਨਾਲ ਸਿੱਖਿਆ ਦੇਣ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ ਅਤੇ 2500 ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਸਾਰੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦਾ ਸਰਵੇ ਕਰਾ ਲਿਆ ਗਿਆ ਹੈ ਅਤੇ ਜਿਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਠੀਕ ਹਾਲਤ ਵਿੱਚ ਨਹੀਂ ਹਨ ਉਨ੍ਹਾਂ ਸਕੂਲਾਂ ਵਿੱਚ ਪਹਿਲ ਦੇ ਅਧਾਰ 'ਤੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸੁਧਾਰ ਹੋਣ ਕਾਰਨ ਅਤੇ ਮਿਲ ਰਹੀਆਂ ਸਹੂਲਤਾਂ ਕਾਰਨ ਪਿਛਲੇ ਸਾਲਾਂ ਨਾਲੋਂ 20 ਫੀਸਦੀ ਵੱਧ ਦਾਖਲਾ ਹੋਇਆ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਸਿੱਖਿਆ ਖੇਤਰ ਵਿੱਚ ਵੱਡੇ ਸੁਧਾਰ ਹੋਏ ਹਨ ਅਤੇ ਇਸ ਵਾਰ ਸਰਕਾਰੀ ਸਕੂਲਾਂ ਦਾ ਨਤੀਜਾ 90 ਤੋਂ 100 ਫੀਸਦੀ ਆਉਣ ਦੀ ਉਮੀਦ ਹੈ।
ਅਧਿਆਪਕਾਂ ਨੂੰ ਰਾਸ਼ਟਰ ਦੇ ਨਿਰਮਾਤਾ ਦੱਸਦਿਆਂ ਸਿੱਖਿਆ ਮੰਤਰੀ ਸ਼੍ਰੀ ਓ.ਪੀ. ਸੋਨੀ ਨੇ ਕਿਹਾ ਕਿ ਸਮਾਜ ਨੂੰ ਇਸ ਸਮੇਂ ਕਾਬਲ ਅਤੇ ਸਮਰਪਿਤ ਅਧਿਆਪਕਾਂ ਦੀ ਬਹੁਤ ਜਰੂਰਤ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਰੁਤਬਾ ਗੁਰੂ ਦੇ ਸਮਾਨ ਹੁੰਦਾ ਹੈ ਅਤੇ ਕਿਸੇ ਵੀ ਇਨਸਾਨ ਦੇ ਜੀਵਨ ਵਿੱਚ ਅਧਿਆਪਕ ਦਾ ਰੋਲ ਸਭ ਤੋਂ ਅਹਿਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਆਪਣੇ ਫਰਜ ਨੂੰ ਸਮਝਣ ਅਤੇ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਗਿਆਨ ਦਾ ਚਾਨਣ ਵੰਡਣ। ਇਸ ਮੌਕੇ ਉਨ੍ਹਾਂ ਕਲਾਸਵਾਲਾ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਕਾਦੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੂਲ ਨੇ ਦੇਸ਼ ਨੂੰ ਨਾਮੀਂ ਹਸਤੀਆਂ ਪੈਦਾ ਕਰ ਕੇ ਦਿੱਤੀਆਂ ਹਨ ਅਤੇ ਸਿੱਖਿਆ ਦੇ ਖੇਤਰ ਵਿੱਚ ਇਹ ਸਕੂਲ ਪਿਛਲੇ ਕਈ ਦਹਾਕਿਆਂ ਤੋਂ ਨਿਵੇਕਲੀਆਂ ਪੈੜਾਂ ਪਾ ਰਿਹਾ ਹੈ। ਉਨ੍ਹਾਂ ਕਲਾਸਵਾਲਾ ਸਕੂਲ ਨੂੰ ਆਪਣੇ ਅਖਤਿਆਰੀ ਫੰਡ 'ਚੋਂ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਨੇ ਕਾਦੀਆਂ ਦੇ ਸਰਕਾਰੀ ਸਕੂਲ ਨੂੰ ਮਾਡਲ ਸਕੂਲ ਬਣਾਉਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਕਾਦੀਆਂ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਨੈਸ਼ਨਲ ਐਵਾਰਡੀ ਸ੍ਰੀ ਮਨੋਹਰ ਲਾਲ ਸ਼ਰਮਾਂ ਨੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਸੁਧਾਰਾਂ ਦਾ ਜਿਕਰ ਕੀਤਾ ਅਤੇ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਦੀ ਸਰਾਹਨਾ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸ਼ਾਲਿਨੀ ਦੱਤਾ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ। ਇਸ ਤੋਂ ਪਹਿਲਾਂ ਸਾਰਿਆਂ ਨੇ 2 ਮਿੰਟ ਦਾ ਮੋਨ ਧਾਰ ਕੇ ਪੁਲਵਾਮਾਂ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਅਖੀਰ ਵਿੱਚ ਮੁੱਖ ਮਹਿਮਾਨ ਨੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਸਕੂਲ ਦੇ ਮੌਜੂਦਾ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਐੱਸ.ਐੱਸ. ਬੋਰਡ ਦੇ ਮੈਂਬਰ ਸ੍ਰੀ ਰਮਨ ਬਹਿਲ, ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ, ਐੱਸ.ਡੀ.ਐੱਮ. ਸ਼੍ਰੀ ਰੋਹਿਤ ਗੁਪਤਾ, ਸਿੱਖਿਆ ਮੰਤਰੀ ਦੇ ਓ.ਐੱਸ.ਡੀ. ਕੈਪਟਨ ਸੰਜੀਵ ਸ਼ਰਮਾਂ, ਡੀ.ਈ.ਓ. (ਪ) ਵਿਨੋਦ ਮੱਤਰੀ, ਐੱਸ.ਪੀ. ਬਲਜੀਤ ਸਿੰਘ ਢਿਲੋਂ, ਡਿਪਟੀ ਡੀ.ਈ.ਓ. ਰਾਕੇਸ਼, ਡੀ.ਐੱਸ.ਪੀ. ਹਰੀਸ਼ਰਨ ਸ਼ਰਮਾਂ, ਨਾਇਬ ਤਹਿਸੀਲਦਾਰ ਅਮਰਜੀਤ ਸਿੰਘ, ਸੁਖਵਿੰਦਰਪਾਲ ਸਿੰਘ ਭਾਟੀਆ, ਵਿਦਿਆਰਥੀਆਂ ਦੇ ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ।