ਚੰਡੀਗੜ, 17 ਫਰਵਰੀ 2019: ਪੰਜਾਬ ਕਾਂਗਰਸ ਭਵਨ ਚੰਡੀਗੜ ਵਿਖੇ ਅੱਜ ਜੰਮੂ ਕਸਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਪੰਜਾਬ ਦੇ ਚਾਰ ਬਹਾਦੁਰ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਕ ਸਾਦੇ ਸਮਾਗਮ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਕੁਰਬਾਨ ਹੋਏ ਇੰਨਾਂ ਜਵਾਨਾਂ ਦੀ ਸ਼ਹਾਦਤ ਨੂੰ ਪੂਰੇ ਮੁਲਕ ਨੇ ਨਮਨ ਕਰ ਰਿਹਾ ਹੈ। ਉਨਾਂ ਕਿਹਾ ਕਿ ਇੰਨਾਂ ਜਵਾਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਉਨਾਂ ਨੇ ਆਖਿਆ ਕਿ ਆਂਤਕਵਾਦ ਦੇ ਟਾਕਰੇ ਲਈ ਪੂਰਾ ਮੁਲਕ ਇਕਜੁੱਟ ਹੈ ਅਤੇ ਮਨੁੱਖਤਾ ਦੇ ਦੁਸ਼ਮਣ ਅੱਤਵਾਦ ਨੂੰ ਮੁੰਹ ਦੀ ਖਾਣੀ ਪਵੇਗੀ।
ਜਿਕਰਯੋਗ ਹੈ ਕਿ 14 ਫਰਵਰੀ ਨੂੰ ਜੰਮੂ ਕਸ਼ਮੀਰ ਵਿਚ ਹੋਏ ਅੱਤਵਾਦੀ ਹਮਲੇ ਵਿਚ ਪੰਜਾਬ ਦੇ ਚਾਰ ਜਵਾਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਜਿੰਨਾਂ ਵਿਚ ਮੋਗਾ ਜ਼ਿਲੇ ਦੇ ਜੈਮਲ ਸਿੰਘ, ਰੂਪਨਗਰ ਜ਼ਿਲੇ ਦੇ ਕੁਲਵਿੰਦਰ ਸਿੰਘ, ਤਰਨਤਾਰਨ ਜ਼ਿਲੇ ਦੇ ਸੁਖਜਿੰਦਰ ਸਿੰਘ ਅਤੇ ਗੁਰਦਾਸਪੁਰ ਜ਼ਿਲੇ ਦੇ ਮਨਿੰਦਰ ਸਿੰਘ ਦੇ ਨਾਂਅ ਸ਼ਾਮਿਲ ਹਨ। ਸ੍ਰੀ ਜਾਖੜ ਨੇ ਕਿਹਾ ਕਿ ਪੂਰਾ ਦੇਸ਼ ਇੰਨਾਂ ਸ਼ਹੀਦਾਂ ਦੇ ਨਾਲ ਖੜਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਇੰਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਸ੍ਰੀ ਜਾਖੜ ਨੇ ਕਿਹਾ ਕਿ ਅਲਗਾਵਵਾਦ ਦੇਸ਼ ਲਈ ਇਕ ਵੱਡੀ ਚੁਣੌਤੀ ਹੈ ਪਰ ਅਸੀਂ ਸਭ ਦੇਸ਼ ਵਾਸੀਆਂ ਨੇ ਮਿਲ ਕੇ ਇਸ ਗੈਰ ਮਨੁੱਖੀ ਵਰਤਾਰੇ ਨੂੰ ਠੱਲ ਪਾਉਣੀ ਹੈ। ਉਨਾਂ ਨੇ ਕਿਹਾ ਕਿ ਆਂਤਕਵਾਦ ਦਾ ਹਰ ਇਕ ਰੂਪ ਨਿੰਦਨਯੋਗ ਹੈ ਅਤੇ ਜੋ ਲੋਕ ਵੀ ਇਸ ਨਾਲ ਜੁੜੇ ਹੋਏ ਹਨ ਉਨਾਂ ਦਾ ਅੰਤ ਯਕੀਨੀ ਹੈ। ਉਨਾਂ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਨੂੰ ਨੁਕਸਾਨ ਪਹੁੰਚਣ ਦੇ ਆਂਤਕੀਆਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਉਨਾਂ ਕਿਹਾ ਕਿ ਸਿਆਸੀ ਵਖਰੇਵਿਆਂ ਦੇ ਬਾਵਜੂਦ ਇਸ ਮੁੱਦੇ ਤੇ ਪੂਰਾ ਰਾਸ਼ਟਰ ਇਕ ਮੰਚ ਤੇ ਖੜਾ ਹੈ।