ਡਿਪਟੀ ਕਮਿਸ਼ਨਰ ਵੱਲੋਂ ਰੁਜ਼ਗਾਰ ਮੇਲੇ 'ਚ ਭਾਗ ਲੈਣ ਵਾਲੀਆਂ ਕੰਪਨੀਆਂ ਨੂੰ ਇੰਟਰਵਿਊ ਮੌਕੇ ਹੀ ਉਮੀਦਵਾਰ ਨੂੰ ਨੌਕਰੀ ਦੇ ਹਰ ਪੱਖ ਤੋਂ ਜਾਣੂੰ ਕਰਵਾਉਣ ਦੀ ਹਦਾਇਤ
ਸਪੈਸ਼ਲ ਰਿਪੋਰਟਰ ਅੰਮ੍ਰਿਤ ਪਾਲ ਬਰਾੜ
ਬਰਨਾਲਾ, 16 ਫਰਵਰੀ: 2019
ਤਕਨੀਕੀ ਸਿਖਲਾਈ ਸਿੱਖਿਆ ਦੇ ਖੇਤਰ ਨਾਲ ਸਬੰਧਤ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਸਥਾਨਕ ਸਰਕਾਰੀ ਆਈ.ਟੀ.ਆਈ. (ਲੜਕੇ) ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਲਗਵਾਏ ਮੈਗਾ ਰੁਜ਼ਗਾਰ ਮੇਲੇ'ਚ ਸ਼ਾਮਲ ਹੋਣ ਵਾਲੇ 70 ਫੀਸਦ ਤੋਂ ਵਧੇਰੇ ਉਮੀਦਵਾਰਾਂ ਨੂੰ ਪੈਰਾਂ ਸਿਰ ਖੜੇ ਹੋਣ ਦੀ ਆਸ ਬੱਝੀ। ਇਸ ਰੁਜ਼ਗਾਰ ਮੇਲੇ 'ਚ 286 ਉਮੀਦਵਾਰਾਂ ਵੱਲੋਂ ਰੁਜ਼ਗਾਰ ਦੀ ਪ੍ਰਾਪਤੀ ਲਈ ਇੰਟਰਵਿਊ ਦਿੱਤੀ ਗਈ ਜਿਨਾਂ 'ਚੋਂ 163 ਉਮੀਦਵਾਰਾਂ ਦੀ ਚੋਣ ਨਾਮੀਂ ਕੰਪਨੀਆਂ ਵੱਖ-ਵੱਖ ਆਸਾਮੀਆਂ ਲਈ ਕੀਤੀ ਗਈ ਜਦਕਿ 40 ਹੋਰਨਾਂ ਨੂੰ ਅਗਲੇ ਪੜਾਅ ਲਈ ਚੁਣਿਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ 4-ਦਿਨਾ ਰੁਜ਼ਗਾਰ ਮੇਲਾ ਲਗਵਾਇਆ ਜਾ ਰਿਹਾ ਹੈ ਅਤੇ ਅੱਜ ਇਸ ਮੇਲੇ ਦਾ ਦੂਸਰਾ ਦਿਨ ਸੀ। ਉਨਾਂ ਦੱਸਿਆ ਕਿ ਇਸ ਤੋਂ ਬਾਅਦ ਮਿਤੀ 17 ਫਰਵਰੀ ਭਾਵ ਭਲਕੇ ਆਰਿਆਭੱਟਾ ਗਰੁੱਪ ਵਿਖੇ ਇਸ ਮੇਲੇ ਦਾ ਅਗਲਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ ਜਿਸ 'ਚ ਉੱਚ ਵਿੱਦਿਆ ਪ੍ਰਾਪਤ ਨੌਜਵਾਨਾਂ ਦੇ ਨਾਲ-ਨਾਲ 10ਵੀਂ ਤੇ 12ਵੀਂ ਪਾਸ ਨੌਜਵਾਨਾਂ ਨੂੰ ਤਕਰੀਬਨ 500 ਆਸਾਮੀਆਂ ਲਈ ਚੁਣਿਆ ਜਾਵੇਗਾ।
ਉਨਾਂ ਜ਼ਿਲੇ 'ਚ ਰੁਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਰਿਆਭੱਟ ਗਰੁੱਪ ਵਿਖੇ 17 ਤੇ 19 ਫਰਵਰੀ ਨੂੰ ਪਹੁੰਚ ਕਰਕੇ ਆਪਣੇ ਭਵਿੱਖ ਨੂੰ ਸੁਨਿਹਰੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਰੁਜ਼ਗਾਰ ਮੇਲੇ 'ਚ ਭਾਗ ਲੈਣ ਵਾਲੀਆਂ ਕੰਪਨੀਆਂ ਨੂੰ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਇੰਟਰਵਿਊ ਲੈਣ ਮੌਕੇ ਹੀ ਉਮੀਦਵਾਰ ਨੂੰ ਨੌਕਰੀ ਦੇ ਹਰ ਪੱਖ ਤੋਂ ਜਾਣੂ ਕਰਵਾ ਦਿੱਤਾ ਜਾਵੇ ਤਾਂ ਜੋ ਉਨਾਂ ਨੂੰ ਕਿਸੇ ਕਿਸਮ ਦਾ ਕੋਈ ਵੀ ਭੁਲੇਖਾ ਨਾ ਰਹੇ।
ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਰੂਹੀ ਦੁੱਗ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਵਾਰ ਇਸ ਮੈਗਾ ਰੁਜ਼ਗਾਰ ਮੇਲੇ 'ਚ ਸਿਰਫ਼ ਨਾਮੀਂ ਕੰਪਨੀਆਂ ਨੂੰ ਹੀ ਸੱਦਾ ਦਿੱਤਾ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇ ਚੰਗੇ ਮੌਕੇ ਮੁਹੱਈਆ ਕਰਵਾਏ ਜਾ ਸਕਣ।
ਉਨਾਂ ਕਿਹਾ ਕਿ 17 ਫਰਵਰੀ ਨੂੰ ਨਾਹਰ ਸਪਿੰਨਗ ਮਿੱਲਜ਼, ਟੀ.ਸੀ.ਐਸ., ਸਪੀਡ ਸੋਲਵਰ ਸੋਲਿਉਸ਼ਨਜ਼ ਤੇ ਹੋਰ ਨਾਮੀਂ ਕੰਪਨੀਆਂ ਉਮੀਦਵਾਰਾਂ ਨੂੰ ਨੌਕਰੀਆਂ ਲਈ ਚੁਣਨਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਬਰਨਾਲਾ ਪਰਵਿੰਦਰ ਸਿੰਘ ਭੱਟੀ, ਬੀ.ਡੀ.ਪੀ.ਓ. ਚਮਨ ਲਾਲ ਲਾਲਕਾ, ਬੀ.ਡੀ.ਪੀ.ਓ. ਭੂਸ਼ਣ ਕੁਮਾਰ, ਪਲੇਸਮੈਂਟ ਅਫ਼ਸਰ ਸੋਨਾਕਸ਼ੀ, ਕਰੀਅਰ ਕਾਉਂਸਲਰ ਸ਼ਹਿਬਾਨਾ, ਪ੍ਰਿੰਸੀਪਲ ਰਣਜੀਤ ਸਿੰਘ, ਆਈ.ਟੀ.ਆਈ. ਦਾ ਸਟਾਫ਼ ਤੇ ਵੱਡੀ ਗਿਣਤੀ 'ਚ ਨੌਜਵਾਨ ਹਾਜ਼ਰ ਸਨ।