35 ਉਮੀਦਵਾਰ ਫਰਜ਼ੀ ਦਸਤਾਵੇਜ਼ਾਂ ਸਹਾਰੇ ਹੋਏ ਫੌਜ ਵਿੱਚ ਭਰਤੀ
-19 ਜਨਵਰੀ ਨੂੰ ਰੂਪਨਗਰ ਵਿਖੇ ਦਲਾਲਾਂ ਨੂੰ ਜਾਅਲੀ ਮੋਹਰਾਂ ਸਮੇਤ ਕੀਤਾ ਸੀ ਗਿ੍ਰਫ਼ਤਾਰ
-ਦਲਾਲ ਜਾਅਲੀ ਮੋਹਰਾਂ ਨਾਲ ਕਰਦੇ ਸਨ ਰਿਹਾਇਸ਼ੀ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ
ਲੁਧਿਆਣਾ, 17 ਫਰਵਰੀ (000)-ਸਥਾਨਕ ਫੌਜ ਭਰਤੀ ਦਫ਼ਤਰ ਨੇ ਉਨ੍ਹਾਂ 35 ਉਮੀਦਵਾਰਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਨੇ ਪਿਛਲੇ ਸਾਲ ਸਤੰਬਰ ਮਹੀਨੇ ਇਥੇ ਹੋਈ ਫੌਜ ਭਰਤੀ ਰੈਲੀ ਵਿੱਚ ਫਰਜ਼ੀ ਦਸਤਾਵੇਜਾਂ ਦੇ ਸਹਾਰੇ ਨੌਕਰੀ ਹਾਸਿਲ ਕੀਤੀ ਸੀ। ਇਸੇ ਮਾਮਲੇ ਸੰਬੰਧੀ ਦਲਾਲਾਂ ਦੇ ਇੱਕ ਗਿਰੋਹ ਨੂੰ ਰੂਪਨਗਰ ਦੀ ਪੁਲਿਸ ਨੇ ਜ਼ਿਲ੍ਹਾ ਲੁਧਿਆਣਾ ਅਤੇ ਰੂਪਨਗਰ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀਆਂ ਜਾਅਲੀ ਮੋਹਰਾਂ ਸਮੇਤ ਕਾਬੂ ਕੀਤਾ ਸੀ। ਦਲਾਲ ਇਨ੍ਹਾਂ ਮੋਹਰਾਂ ਨਾਲ ਉਮੀਦਵਾਰਾਂ ਦੇ ਰਿਹਾਇਸ਼ ਸੰਬੰਧੀ ਸਰਟੀਫਿਕੇਟਾਂ ਨੂੰ ਵੈਰੀਫਾਈ ਕਰ ਦਿੰਦੇ ਸਨ।
ਇਸ ਸੰਬੰਧੀ ਲੁਧਿਆਣਾ ਪੁਲਿਸ ਕੋਲ ਦਰਜ ਕਰਵਾਈ ਗਈ ਪੁਲਿਸ ਰਿਪੋਰਟ ਵਿੱਚ ਫੌਜ ਭਰਤੀ ਦਫ਼ਤਰ ਦੇ ਡਾਇਰੈਕਟਰ ਰਿਕਰੂਟਿੰਗ ਕਰਨਲ ਸ੍ਰੀ ਵਿਸ਼ਾਲ ਦੂਬੇ ਨੇ ਦੱਸਿਆ ਹੈ ਕਿ ਇਹ ਮਾਮਲਾ ਉਸ ਵੇਲੇ ਧਿਆਨ ਵਿੱਚ ਆਇਆ ਸੀ ਜਦੋਂ ਇਨ੍ਹਾਂ ਉਮੀਦਵਾਰਾਂ ਦੇ ਰਿਹਾਇਸ਼ੀ ਸਰਟੀਫਿਕੇਟਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਸੀ। ਇਨ੍ਹਾਂ ਦੀ ਆਨਲਾਈਨ ਵੈਰੀਫਿਕੇਸ਼ਨ ਦਰੁਸਤ ਆਈ ਸੀ ਪਰ ਸ਼ੱਕ ਪੈਣ ’ਤੇ ਫੌਜ ਭਰਤੀ ਦਫ਼ਤਰ ਵੱਲੋਂ ਫਿਜ਼ੀਕਲੀ ਆਪਣੇ ਪੱਧਰ ’ਤੇ ਇਹ ਪੜਤਾਲ ਕਰਵਾਈ ਗਈ ਤਾਂ ਇਹ ਮਾਮਲਾ ਸਾਹਮਣੇ ਆਇਆ ਸੀ।
ਪੁਲਿਸ ਪਾਸ ਲਿਖਾਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਉਮੀਦਵਾਰਾਂ ਦੇ ਰਿਹਾਇਸ਼ੀ ਪਤੇ ਦਰੁਸਤ ਨਹੀਂ ਪਾਏ ਗਏ ਹਨ। ਦਲਾਲਾਂ ਵੱਲੋਂ ਇਨ੍ਹਾਂ ਉਮੀਦਵਾਰਾਂ ਦੀ ਵੈਰੀਫਿਕੇਸ਼ਨ ਲਈ ਫੌਜ ਭਰਤੀ ਦਫ਼ਤਰ ਦੇ ਮੈਸੈਂਜਰ ਸੁਰਿੰਦਰ ਪਾਲ (ਸਿਵਲ ਡਿਫੈਂਸ ਇੰਪਲਾਈ) ਦੀ ਸਹਾਇਤਾ ਨਾਲ ਮੈਨੂੰਅਲ ਤਰੀਕਾ ਅਪਣਾਇਆ ਗਿਆ। ਸੁਰਿੰਦਰਪਾਲ ਖ਼ਿਲਾਫ਼ ਐੱਫ. ਆਈ. ਆਰ. ਨੰਬਰ 29 ਮਿਤੀ 1 ਫਰਵਰੀ, 2019 ਨੂੰ ਪਹਿਲਾਂ ਹੀ ਦਰਜ ਹੋ ਚੁੱਕੀ ਹੈ।