ਲੁਧਿਆਣਾ: 19 ਫਰਵਰੀ 2019 - ਲੁਧਿਆਣਾ ਸ਼ਹਿਰ ਦੀ ਸਾਹਿੱਤਕ, ਸਭਿਆਚਾਰਕ ਤੇ ਸਿੱਖਿਆ ਖੇਤਰ ਦੀ ਆਦਰਸ਼ ਜੋੜੀ ਡਾ: ਸ ਨ ਸੇਵਕ ਤੇ ਅੰਮ੍ਰਿਤਾ ਸੇਵਕ ਵਿੱਚੋਂ ਸਾਡੇ ਚੋਂ ਬਹੁਤਿਆਂ ਦੇ ਪਥ ਪਰਦਰਸ਼ਕ ਸ਼੍ਰੀਮਤੀ ਅੰਮ੍ਰਿਤਾ ਸੇਵਕ ਬੀਤੀ ਰਾਤ ਸਾਨੂੰ ਸਦੀਵੀ ਅਲਵਿਦਾ ਕਹਿ ਗਏ ਹਨ।
ਪੰਜਾਬੀ ਸਭਿਆਚਾਰ ਅਕੈਡਮੀ, ਲੁਧਿਆਣਾ ਕਲਾ ਮੰਚ ਤੇ ਕਈ ਹੋਰ ਸੰਸਥਾਵਾਂ ਚ ਸਰਗਰਮੀ ਨਾਲ ਕਾਰਜਸ਼ੀਲ ਰਹਿਣ ਵਾਲੇ ਅੰਮ੍ਰਿਤਾ ਸੇਵਕ ਲੁਧਿਆਣਾ ਸਥਿਤ ਨਿਊ ਹਾਈ ਸਕੂਲ ਦੇ ਪ੍ਰਿੰਸੀਪਲ ਰਹੇ। 1970ਵਾਲੇ ਦਹਾਕੇ ਵਿੱਚ ਉਨ੍ਹਾਂ ਆਪਣੇ ਪਤੀ ਡਾ: ਸ ਨ ਸੇਵਕ ਨਾਲ ਮਿਲ ਕੇ ਜੀਵਨ ਸਾਂਝਾਂ ਨਾਮ ਦਾ ਤ੍ਰੈਮਾਸਿਕ ਪੱਤਰ ਆਰੰਭਿਆ। ਪੰਜਾਬੀ ਦੇ ਅਜੋਕੇ ਮਹੱਤਵਪੂਰਨ ਲੇਖਕਾਂ ਨੂੰ ਪਹਿਲੀ ਵਾਰ ਇਸ ਮੈਗਜ਼ੀਨ ਚ ਛਪਣ ਦਾ ਸੁਭਾਗ ਮਿਲਿਆ।
ਆਪਣੇ ਪਤੀ ਡਾ: ਸ ਨ ਸੇਵਕ ਜੀ ਦੀ ਪੰਜਾਬ ਖੇਤੀਬਾੜੀ ਯੂਨੀ: ਸੇਵਾ ਦੌਰਾਨ ਸ਼੍ਰੀਮਤੀ ਸੇਵਕ ਵਿਦਿਆਰਥੀਆਂ ਲਈ ਚੰਗੀ ਸੁਚੇਤ ਦਿਸ਼ਾ ਨਿਰਦੇਸ਼ਕ ਮਾਂ ਵਜੋਂ ਨਿਭੇ।
ਸ਼੍ਰੀਮਤੀ ਅੰਮ੍ਰਿਤਾ ਸੇਵਕ ਜੀ ਦੇ ਬੱਚੇ ਨਵੀਂ ਦਿੱਲੀ ਚ ਹੋਣ ਕਾਰਨ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਨਵੀਂ ਦਿੱਲੀ ਵਿਖੇ ਹੀ ਕੀਤਾ ਜਾਵੇਗਾ।
ਪੰਜਾਬ ਖੇਤੀ ਯੂਨੀ: ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ,ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸ਼੍ਰੀਮਤੀ ਅੰਮ੍ਰਿਤਾ ਸੇਵਕ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ: ਸ ਸ ਜੌਹਲ,ਡਾ: ਸੁਰਜੀਤ ਪਾਤਰ,ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸੀ: ਮੀ: ਪ੍ਰਧਾਨ ਸੁਰਿੰਦਰ ਕੈਲੇ,ਜਨਰਲ ਸਕੱਤਰ ਡਾ: ਸੁਰਜੀਤ ਸਿੰਘ,ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਗੁਰੂ ਨਾਨਕ ਦੇਵ ਯੂਨੀ: ਦੇ ਸਾਬਕਾ ਵਾਈਸ ਚਾਂਸਲਰ ਡਾ: ਸ ਪ ਸਿੰਘ ਤੇ ਸਥਾਨਕ ਲੇਖਕਾਂ ਡਾ: ਅਮਰਜੀਤ ਸਿੰਘ ਹੇਅਰ, ਡਾ: ਸਰਜੀਤ ਸਿੰਘ ਗਿੱਲ, ਹਰਬੀਰ ਸਿੰਘ ਭੰਵਰ,ਗੁਰਸ਼ਰਨ ਸਿੰਘ ਨਰੂਲਾ, ਗੁਰਚਰਨ ਕੌਰ ਕੋਚਰ, ਇੰਦਰਜੀਤ ਕੌਰ ਭਿੰਡਰ,ਡਾ: ਜਗਦੀਸ਼ ਕੌਰ, ਡਾ: ਗੁਲਜ਼ਾਰ ਪੰਧੇਰ,ਇੰਜ:ਜਸਵੰਤ ਜਫ਼ਰ,ਸਵਰਨਜੀਤ ਸਵੀ, ਤੇਜਪ੍ਰਤਾਪ ਸਿੰਘ ਸੰਧੂ, ਡਾ: ਮਾਨ ਸਿੰਘ ਤੂਰ,ਡਾ: ਫ਼ਕੀਰ ਚੰਦ ਸ਼ੁਕਲਾ,ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ,ਮਲਕੀਤ ਸਿੰਘ ਔਲਖ,ਡਾ: ਨਰਿੰਦਰਪਾਲ ਸਿੰਘ, ਡਾ: ਸ਼ੀਤਲ ਥਾਪਰ, ਡਾ: ਸਰਬਜੀਤ ਸਿੰਘ,ਰਮੇਸ਼ ਬਾਲਾ,ਡਾ: ਕੁਲਵਿੰਦਰ ਕੌਰ ਮਿਨਹਾਸ ਤੇ ਡਾ: ਅਨਿਲ ਸ਼ਰਮਾ ਨੇ ਵੀ ਸ਼੍ਰੀਮਤੀ ਸੇਵਕ ਵੱਲੋਂ ਦਿੱਤੀਆਂ ਸੇਵਾਵਾਂ ਨੂੰ ਚੇਤੇ ਕਰਦਿਆਂ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ।