ਇਸਲਾਮਾਬਾਦ, 19 ਫਰਵਾਰੀ 2019 - ਇਮਰਾਨ ਖਾਨ ਨੇ ਪੁਲਵਾਮਾ ਹਮਲੇ 'ਚ ਪਾਕਿਸਤਾਨ ਦਾ ਹੱਥ ਹੋਣ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਪਹਿਲਾ ਵੀਡੀੳ ਬਿਆਨ ਜਾਰੀ ਕੀਤਾ ਹੈ। ਉਨਹਾਂ ਖਿਹਾ ਕਿ ਭਾਰਤ ਨੇ ਹਮਲਾ ਕੀਤਾ ਤਾਂ ਉਹ ਇਸਦਾ ਕਰਾਰਾ ਜਵਾਬ ਦੇਣ ਲਈ ਤਿਆਰ ਹਨ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਸਥਿਰਤਾ ਚਾਹੁੰਦਾ ਹੈ ਅਤੇ ਅਜਿਹੇ 'ਚ ਉਹ ਹਮਲੇ ਦੀਆਂ ਕੋਝੀਆਂ ਸਾਜਿਸ਼ਾਂ ਕਿਉਂ ਕਰੇਗਾ ?
ਇਮਰਾਨ ਨੇ ਕਿਹਾ ਕਿ ਉਹ ਦਹਿਸ਼ਤਗਰਦੀ 'ਤੇ ਵੀ ਗੱਲਤਬਾਤ ਕਰਨ ਨੂੰ ਤਿਆਰ ਹਨ। ਭਾਰਤ ਸੋਚੇ ਕਿ ਕਸ਼ਮੀਰ ਦੇ ਨੌਜਵਾਨ ਮਰਨ ਮਰਾਉਣ 'ਤੇ ਕਿਉਂ ਉਤਰ ਰਹੇ ਹਨ। ਇਮਰਾਨ ਦੇ ਬਿਆਨ ਤੋਂ ਪਹਿਲਾਂ ਹੀ ਭਾਰਤੀ ਸੈਨਾ ਨੇ ਕਿਹਾ ਸੀ ਕਿ ਪੁਲਵਾਮਾ ਹਮਲੇ 'ਚ ਪਾਕਿ ਸੈਨਾ ਦਾ ਹੱਥ ਹੈ। 14 ਫਰਵਰੀ ਨੂੰ ਹੋਏ ਫਿਦਾਇਨ ਹਮਲੇ 'ਚ ਭਾਰਤ ਦੇ ਕਰੀਬ 40 ਜਵਾਨ ਸ਼ਹੀਦ ਹੋਏ ਸਨ। 18 ਫਰਵਰੀ ਨੂੰ ਸੁਰੱਖਿਆ ਬਲਾਂ ਨੇ ਹਮਲੇ ਦੇ ਮਾਸਟਰਮਾਈਂਡ ਕਾਮਰਾਨ ਨੂੰ ਪੁਲਵਾਮਾ ਦੇ ਪਿੰਗਲੇਨਾ 'ਚ ਮਾਰ ਮੁਕਾਇਆ ਸੀ।
ਇਮਰਾਨ ਖਾਨ ਨੇ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਕਿਉਂ ਵਾਰ ਵਾਰ ਪਾਕਿਸਤਾਨ ਨੂੰ ਜ਼ਿਮੇਦਾਰ ਠਹਿਰਾ ਰਹੇ ਹਨ? ਉਨ੍ਹਾਂ ਕਿਹ ਕਿ ਪਾਕਿਸਤਾਨ ਸਟੇਬਲਿਟੀ ਚਾਹੁੰਦਾ ਹੈ। ਉਨ੍ਹਾਂ ਦਾ ਹੁਣ ਨਵਾਂ ਪਾਕਿਸਤਾਨ ਹੈ। ਜੇਕਰ ਭਾਰਤ ਚਾਹਵੇ ਤਾਂ ਕਿਸੇ ਤਰ੍ਹਾਂ ਦੀ ਵੀ ਜਾਂਚ ਕਰਾ ਸਕਦਾ ਹੈ ਅਤੇ ਜੇਕਰ ਜਾਂਚ 'ਚ ਇਹ ਸਾਹਮਣੇ ਆਇਆ ਕਿ ਕੋਈ ਪਾਕਿਸਤਾਨ ਨੂੰ ਵਰਤ ਰਿਹਾ ਹੈ ਤਾਂ ਉਨ੍ਹਾਂ ਖਿਲਾਫ ਤੁਰੰਤ ਕਾਰਵਾਈ ਹੋਵੇਗੀ।
ਇਮਰਾਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਉਹ ਭਾਰਤ ਤੋਂ ਕੋਈ ਸਬੂਤ ਮੰਗਦੇ ਹਨ ਜਿਸ ਨਾਲ ਸਾਬਤ ਹੋ ਸਕੇ ਕਿ ਪਾਕਿਸਤਾਨ ਦਾ ਇਸ ਹਮਲੇ 'ਚ ਹੱਥ ਹੈ। ਉਨ੍ਹਾਂ ਕਿਹਾ ਕਿ ਜੇਕਰ ਇੰਝ ਹੋਇਆ ਤਾਂ ਉਹ ਗਰੰਟੀ ਦਿੰਦੇ ਹਨ ਕਿ ਉਹ ਕਾਰਵਾਈ ਜਰੂਰ ਕਰਨਗੇ।
ਇਮਰਾਨ ਨੇ ਕਿਹਾ ਕਿ ਹੁਣ ਭਾਰਤ 'ਚ ਚੋਣਾਂ ਦਾ ਸਮਾਂ ਹੈ। ਜੇਕਰ ਤੁਸੀਂ ਸਮਝਦੇ ਹੋ ਕੁ ਪਾਕਿਸਤਾਨ 'ਤੇ ਕਿਸੇ ਤਰ੍ਹਾਂ ਦਾ ਹਮਲਾ ਕਰਾਂਗੇ ਤਾਂ ਪਾਕਿਸਤਾਨ ਜਵਾਬੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ''ਉਹ ਜਾਣਦੇ ਹਨ ਕਿ ਸ਼ੁਰੂ ਕਰਨਾ ਇਨਸਾਨ ਦਾ ਕੰਮ ਹੈ, ਪਰ ਖਤਮ ਕਰਨਾ ਨਹੀਂ। ਇਹ ਕਿਸ ਤਰਫ ਜਾਵੇਗਾ, ਇਹ ਤਾਂ ਰੱਬ ਹੀ ਜਾਣਦਾ ਹੈ।'' ਉਨ੍ਹਾਂ ਕਿਹਾ ਕਿ ਇਹ ਮਸਲਾ ਵੀ ਗੱਲਬਾਤ ਨਾਲ ਹੀ ਹੱਲ ਹੋਵੇਗਾ।