ਪਰਵਿੰਦਰ ਸਿੰਘ ਕੰਧਾਰੀ / ਦੇਵਾ ਨੰਦ ਸ਼ਰਮਾ
ਫਰੀਦਕੋਟ, 19 ਫਰਵਰੀ 2019 - ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਾ ਅਤੇ ਗੋਲੀਕਾਂਡ ਲਈ ਬਣਾਈ ਵਿਸ਼ੇਸ਼ ਐਸ .ਆਈ.ਟੀ ਦੀ ਟੀਮ ਵੱਲੋਂ ਆਈ ਜੀ ਉਮਰਾਨੰਗਲ ਨੂੰ ਬੀਤੇ ਦਿਨ ਹਿਰਾਸਤ ਵਿੱਚ ਲਿਆ ਸੀ ਤੇ ਉਨ੍ਹਾਂ ਨੂੰ ਫਰੀਦਕੋਟ ਵਿਖੇ ਮੇਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਸ ਆਈ ਟੀ ਅਧਿਕਾਰੀਆਂ ਦਾ ਪੱਖ ਜਾਣਨ ਤੋ ਬਾਅਦ ਆਈ ਜੀ ਉਮਰਾਨੰਗਲ ਨੂੰ 4 ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ।
ਇਸ ਮਾਮਲੇ ਵਿੱਚ ਸਾਬਕਾ ਐਸ.ਐਸ.ਪੀ ਚਰਨਜੀਤ ਸਰਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ- ਫਰੀਦਕੋਟ ਜਿਲ੍ਹੇ ਦੇ ਬਰਗਾੜੀ ਵਿੱਖੇ 12 ਅਕਤੂਬਰ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਸੰਗਤ ਉਸ ਦਿਨ ਹੀ ਸਰਕਾਰ ਖਿਲ਼ਾਫ ਧਰਨੇ ਤੇ ਬੈਠ ਗਈ ਸੀ ਅਤੇ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜਕੇ ਸਜਾ ਦਿਵਾਉਣ ਦੀ ਮੰਗ ਤੇਜੀ ਨਾਲ ਸ਼ੁਰੂ ਕਰ ਦਿੱਤੀ ਅਤੇ ਪੂਰੇ ਪੰਜਾਬ ਤੋਂ ਸੰਗਤ ਪਹੁੰਚਣੀ ਸ਼ੁਰੂ ਹੋ ਗਈ ਸੀ। ਸੰਗਤ ਦੀ ਗਿਣਤੀ 5000 ਤੋਂ ਵੀ ਵਧ ਹੋ ਚੁੱਕੀ ਸੀ। ਚੋਂਕ ਨੂੰ ਪੁਲਿਸ ਨੇ ਖਾਲੀ ਕਰਵਾਉਣ ਲਈ ਬਲ ਦੀ ਵਰਤੋਂ ਕੀਤੀ। ਜਿਸ ਵਿਚ ਅਥਰੂ ਗੈਸ, ਪਾਣੀ ਦੀਆਂ ਬੌਛਾਰਾਂ, ਲਾਠੀਚਾਰਜ ਅਤੇ ਗੋਲੀਆਂ ਵੀ ਚਲਾਈਆਂ ਗਈਆਂ। ਇਸ ਦੌਰਾਨ ਦਰਜਨ ਤੋਂ ਵੱਧ ਸੰਗਤ ਅਤੇ ਕਰੀਬ 7 ਪੁਲਿਸ ਕਰਮੀ ਵੀ ਜਖਮੀ ਹੋ ਗਏ ਸਨ। ਇਸ ਕਾਰਵਾਈ ਤੋਂ ਨਰਾਜ ਸੰਗਤ ਨੇ 14 ਅਕਤੂਬਰ 2015 ਨੂੰ ਪਿੰਡ ਬਹਿਬਲ ਕਲਾਂ ਮੇਨ ਰੋਡ ਨੂੰ ਜਾਮ ਕਰਕੇ ਧਰਨਾ ਲਗਾਇਆ। ਇਸ ਧਰਨੇ ਨੂੰ ਚੁਕਵਾਉਣ ਲਈ ਪਰਮਰਾਜ ਸਿੰਘ ਉਮਰਾਨੰਗਲ ਦੇ ਆਦੇਸ਼ ਤੇ ਚਰਨਜੀਤ ਸ਼ਰਮਾ ਦੀ ਅਗਵਾਈ ਹੇਠ ਪਿੰਡ ਬਹਿਬਲ ਕਲਾਂ ਪੁਲਿਸ ਪਾਰਟੀ ਭੇਜੀ ਗਈ ਜਿਸ ਦੌਰਾਨ ਪੁਲਿਸ ਵਲੋਂ ਗੋਲੀ ਚਲਾਈ ਗਈ ਅਤੇ ਉਹਨਾਂ ਚੋਂ ਦੋ ਨੌਜਵਾਨ ਗੁਰਜੀਤ ਸਿੰਘ ਅਤੇ ਕਿਸ਼ਨ ਭਗਵਾਨ ਦੀ ਮੌਤ ਹੋਈ ਸੀ ।ਉਸ ਵਕਤ ਪਰਮਰਾਜ ਸਿੰਘ ਉਮਰਾ ਨੰਗਲ ਨੇ ਚਰਨਜੀਤ ਸ਼ਰਮਾ ਨੂੰ ਬਹਿਬਲ ਕਲਾਂ ਧਰਨੇ ਚ ਪੁਲਿਸ ਪਾਰਟੀ ਦਾ ਇੰਚਾਰਜ ਬਣਾ ਕੇ ਭੇਜਿਆ ਸੀ। ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਸਨ ਉਸ ਵਕਤ ਪਰਮਰਾਜ ਸਿੰਘ ਉਮਰਾ ਨੰਗਲ ਲੁਧਿਆਣਾ ਦੇ ਕਮਿਸ਼ਨਰ ਸਨ ।ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਗਿਆ ਅਤੇ ਕਾਂਗਰਸ ਸਰਕਾਰ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ।