ਬਟਾਲਾ ਵਿਖੇ ਸਮਾਰੋਹ 'ਚ ਸ਼ਿਰਕਤ ਕਰਨ ਦੌਰਾਨ ਜਾਖੜ ਅਤੇ ਬਾਜਵਾ
ਲੋਕੇਸ਼ ਰਿਸ਼ੀ
ਗੁਰਦਾਸਪੁਰ, 19 ਫਰਵਰੀ 2019- ਨਵਜੋਤ ਸਿੰਘ ਸਿੱਧੂ ਅਕਾਲੀਆਂ ਅਤੇ ਭਾਜਪਾਈਆਂ ਲਈ ਉਹ ਡਰ ਬਣ ਚੁੱਕਾ ਹੈ, ਜੋ ਸ਼ੋਲੇ ਫ਼ਿਲਮ ਵਿੱਚ ਗੱਬਰ ਦਾ ਹੈ। ਇਸ ਸ਼ਬਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ-ਸਭਾ ਮੈਂਬਰ ਸੁਨੀਲ ਜਾਖੜ ਨੇ ਉਸ ਵੇਲੇ ਕਹੇ ਜਦੋਂ ਉਹ ਬਟਾਲਾ ਵਿਖੇ ਕੁਝ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਪਹੁੰਚੇ ਸਨ। ਜਾਖੜ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪੁਲਵਾਮਾ ਅੱਤਵਾਦੀ ਹਮਲੇ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੂੰ ਸਾਫ਼਼਼ ਸਾਫ ਕਿਹਾ ਸੀ ਕਿ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਹੈ ਅਤੇ ਉਹ ਦੇਸ਼ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਠੋਸ ਕਦਮ ਚੁੱਕਣ। ਜਾਖੜ ਨੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਤੇ ਨਿਰਭਰ ਕਰਦਾ ਹੈ ਕਿ ਉਹ ਦੇਸ਼ ਦੀ ਬਿਹਤਰੀ ਲਈ ਕੋਈ ਫ਼ੈਸਲਾ ਲੈਂਦੇ ਹਨ ਜਾਂ ਆਪਣੀ ਕੁਰਸੀ ਬਚਾਉਣ ਲਈ।
ਇਸੇ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਬਿਆਨ ਸਬੰਧੀ ਬੋਲਦਿਆਂ ਜਾਖੜ ਨੇ ਕਿ ਹੁਣ ਤਾਂ ਇਹ ਸਾਫ ਹੋ ਚੁੱਕਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਦਿੱਤੇ ਜਾ ਰਹੇ 54 ਇੰਚ ਛਾਤੀ ਵਾਲੇ ਬਿਆਨਾਂ ਤੋਂ ਪਾਕਿਸਤਾਨ ਬਿਲਕੁਲ ਨਹੀਂ ਡਰਦਾ। ਜਾਖੜ ਨੇ ਕਿਹਾ ਕਿ ਮੌਜੂਦਾ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਬਲ ਕੀ ਦੇਸ਼ ਦੇ ਭਲੇ ਲਈ ਠੋਸ ਫ਼ੈਸਲੇ ਲੈਣੇ ਚਾਹੀਦੇ ਹਨ।
ਜਾਖੜ ਨੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਉਸ ਵੇਲੇ ਕੀਤਾ ਜਦੋਂ ਉਹ ਜ਼ਿਲ੍ਹਾ ਗੁਰਦਾਸਪੁਰ ਵਿਖੇ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਬਟਾਲਾ ਵਿਖੇ ਪਹੁੰਚੇ। ਇਸ ਮੌਕੇ ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਰੂਬ ਰੂ ਹੁੰਦਿਆਂ ਸੂਬੇ ਦੇ ਵੱਖ ਵੱਖ ਮੁਧਿਆ ਤੇ ਆਪਣੇ ਵਿਚਾਰ ਦਿੱਤੇ।
ਉਨ੍ਹਾਂ ਨੇ ਬੀਤੇ ਦਿਨ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵਿਚਾਲੇ ਹੋਈ ਜ਼ਬਰਦਸਤ ਤਕਰਾਰ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਮੰਤਰੀ ਸਿੱਧੂ ਤੋਂ ਇਸ ਤਰਾਂ ਡਰਦੀ ਹੈ ਜਿੱਦਾਂ ਸ਼ੋਲੇ ਫ਼ਿਲਮ ਵਿੱਚ ਲੋਕ ਗੱਬਰ ਕੋਲੋਂ ਡਰਦੇ ਹਨ।ਮੀਡੀਆ ਦੀਆਂ ਸੁਰਖ਼ੀਆਂ ਬਣ ਚੁੱਕੇ ਸਿੱਧੂ ਦੇ ਪਾਕਿਸਤਾਨ ਸਬੰਧੀ ਬਿਆਨ ਸਬੰਧੀ ਬੋਲਦਿਆਂ ਜਾਖੜ ਨੇ ਕਿਹਾ ਕਿ ਬਿਆਨ ਤੇ ਚੀਕ ਚੀਕ ਕੇ ਰੌਲਾ ਪਾਉਣ ਵਾਲੇ ਲੋਕਾਂ ਨੂੰ ਸਿੱਧੂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ।
ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਨੇ ਰਾਜਨੀਤੀ ਤੋਂ ਉੱਪਰ ਉੱਠਦਿਆਂ ਹੋਇਆਂ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਪੂਰੇ ਅਧਿਕਾਰ ਨਾਲ ਕਿਹਾ ਹੈ ਕਿ ਅੱਤਵਾਦ ਦੇ ਮਸਲੇ ਤੇ ਪ੍ਰਧਾਨ ਮੰਤਰੀ ਠੋਸ ਫ਼ੈਸਲੇ ਲੈਣ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਜਾਰੀ ਕੀਤੇ ਗਏ ਬਿਆਨ ਸਬੰਧੀ ਬੋਲਦਿਆਂ ਜਾਖੜ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਆਪਣੇ ਦੇਸ਼ ਦੇ ਸਬੰਧ ਵਿੱਚ ਸਿਰਫ਼ ਸਫ਼ਾਈ ਦਿੱਤੀ ਹੈ। ਪਰ ਹੁਣ ਮਾਮਲੇ ਦੀ ਜਾਂਚ ਕਰਨਾ ਸਾਡੇ ਦੇਸ਼ ਦੀਆਂ ਖ਼ੁਫ਼ੀਆ ਏਜੰਸੀਆਂ ਦਾ ਕੰਮ ਹੈ।
ਨੋ ਕਮੈਂਟ " ਮੰਤਰੀ ਤ੍ਰਿਪਤ ਬਾਜਵਾ"
ਉਥੇ ਦੂਜੇ ਪਾਸੇ ਕੈਬਿਨੇਟ ਮੰਤਰੀ ਤ੍ਰਿਪਤ ਬਾਜਵਾ ਕੋਲੋਂ ਸਿੱਧੂ ਦੇ ਬਿਆਨ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਬਾਜਵਾ ਨੇ ਕਿਹਾ ਕਿ ਉਹ ਸਿੱਧੂ ਦੇ ਸਬੰਧ ਵਿੱਚ ਕੋਈ ਟਿੱਪਣੀ ਨਹੀਂ ਕਰ ਸਕਦੇ। ਕਿਉਂ ਕਿ ਸਿੱਧੂ ਪਾਰਟੀ ਦੇ ਸੀਨੀਅਰ ਲੀਡਰ ਹਨ ਅਤੇ ਉਨ੍ਹਾਂ ਸਬੰਧੀ ਪਾਰਟੀ ਹਾਈ ਕਮਾਂਡ ਹੀ ਕੋਈ ਟਿੱਪਣੀ ਕਰ ਸਕਦੀ ਹੈ।