ਪਿੰਡਾਂ ਦੇ ਸਰਪੰਚਾਂ ਨੂੰ ਚੈੱਕ ਭੈਂਟ ਕਦੇ ਜਾਖੜ ਅਤੇ ਬਾਜਵਾ
ਲੋਕੇਸ਼ ਰਿਸ਼ੀ
ਗੁਰਦਾਸਪੁਰ, 19 ਫਰਵਰੀ 2019 - ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਬਟਾਲਾ ਹਲਕੇ ਦੀਆਂ 81 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 5.62 ਕਰੋੜ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ, ਗੁਰਦਾਸਪੁਰ ਦੇ ਵਿਧਾਇਕ ਸ. ਬਰਿੰਦਰ ਮੀਤ ਸਿੰਘ ਪਾਹੜਾ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰੌਸ਼ਨ ਜੌਸ਼ਫ਼ ਵੀ ਹਾਜ਼ਰ ਸਨ।
ਮਿਸ਼ਨ 2019 ਤਹਿਤ ਬਟਾਲਾ ਸ਼ਹਿਰ ਦੇ ਖ਼ੁਸ਼ੀ ਵਾਟਿਕਾ ਪੈਲੇਸ ਵਿੱਚ ਕਰਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਬਟਾਲਾ ਦੀਆਂ 81 ਪੰਚਾਇਤਾਂ ਨੂੰ ਜੋ 5.62 ਕਰੋੜ ਰੁਪਏ ਦੇ ਚੈੱਕ ਦਿੱਤੇ ਗਏ ਉਨ੍ਹਾਂ ਵਿੱਚ ਸਮਾਰਟ ਵਿਲੇਜ ਕੰਪੇਨ ਤਹਿਤ 1.71 ਕਰੋੜ, ਐੱਮ.ਪੀ. ਲੈਂਡ ਫ਼ੰਡ ਤਹਿਤ 1.26 ਕਰੋੜ ਰੁਪਏ, ਜਿਸ ਵਿੱਚ 2 ਸਟੇਡੀਅਮ ਵੀ ਸ਼ਾਮਲ ਹਨ, 14ਵੇਂ ਵਿੱਤ ਕਮਿਸ਼ਨ ਤਹਿਤ 1.45 ਕਰੋੜ ਰੁਪਏ ਅਤੇ ਮਗਨਰੇਗਾ ਯੋਜਨਾ ਤਹਿਤ 1.20 ਕਰੋੜ ਰੁਪਏ ਦੀ ਰਾਸ਼ੀ ਸ਼ਾਮਲ ਹੈ।
ਪੰਚਾਇਤਾਂ ਨੂੰ ਚੈੱਕ ਤਕਸੀਮ ਕਰਨ ਮੌਕੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਰਕਾਰ ਨੇ ਖ਼ਜ਼ਾਨੇ ਦੇ ਮੂੰਹ ਸੂਬੇ ਦੇ ਵਿਕਾਸ ਲਈ ਖੋਲ੍ਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਹੈ ਫੰਡਾ ਕਿ ਪੰਚਾਇਤਾਂ ਸਰਕਾਰੀ ਗਰਾਂਟ ਨੂੰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਵਿਕਾਸ ਕਾਰਜਾਂ ਉੱਪਰ ਖ਼ਰਚ ਕਰਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਇਸ ਵਾਰ ਦੇ ਬਜਟ ਵਿੱਚ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਲਿਜਾਣ ਦਾ ਰੋਡ ਮੈਪ ਤਿਆਰ ਕੀਤਾ ਹੈ ਅਤੇ 2019 ਦਾ ਵਰਾ ਵਿਕਾਸ ਵਰ੍ਹੇ ਵਜੋਂ ਯਾਦ ਕੀਤਾ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੈਟਰੋਲ 5 ਰੁਪਏ ਅਤੇ ਡੀਜ਼ਲ 1 ਰੁਪਏ ਸਸਤਾ ਕਰਕੇ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਹਲਕੇ ਦੇ ਹਰ ਵੋਟਰ ਦੇ ਕਰਜ਼ਦਾਰ ਹਨ ਅਤੇ ਹਲਕੇ ਦਾ ਵਿਕਾਸ ਕਰਕੇ ਉਹ ਲੋਕਾਂ ਦਾ ਸ਼ੁਕਰਾਨਾ ਕਰ ਰਹੇ ਹਨ।
ਇਸ ਤੋਂ ਪਹਿਲਾਂ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦਾ ਵਿਕਾਸ ਵੀ ਸ਼ਹਿਰੀ ਤਰਜ਼ ’ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਨੂੰ ਮਾਡਲ ਅਤੇ ਸਮਾਰਟ ਪਿੰਡਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਬਟਾਲਾ ਹਲਕੇ ਦੇ 81 ਪਿੰਡਾਂ ਨੂੰ 5.62 ਕਰੋੜ ਰੁਪਏ ਦੀ ਗਰਾਂਟ ਦਿੱਤੀ ਗਈ ਹੈ, ਇਹ ਅਜੇ ਪਹਿਲੀ ਕਿਸ਼ਤ ਹੈ ਅਤੇ ਜਿਉਂ ਹੀ ਪੰਚਾਇਤਾਂ ਇਸ ਗਰਾਂਟ ਨੂੰ ਵਿਕਾਸ ਕਾਰਜਾਂ ਉੱਪਰ ਖ਼ਰਚ ਕਰਕੇ ਇਸ ਦੇ ਵਰਤੋਂ ਸਰਟੀਫਿਕੇਟ ਜਮਾਂ ਕਰਾ ਦੇਣਗੀਆਂ ਉਨ੍ਹਾਂ ਨੂੰ ਗਰਾਂਟ ਦੀ ਦੂਜੀ ਕਿਸ਼ਤ ਵੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਸਰਕਾਰੀ ਗਰਾਂਟਾਂ ਆਪਣੇ ਪਿੰਡਾਂ ਦੇ ਵਿਕਾਸ ਉੱਪਰ ਖ਼ਰਚਣ। ਉਨ੍ਹਾਂ ਨਾਲ ਹੀ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਵਿੱਚ ਮਗਨਰੇਗਾ ਯੋਜਨਾ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ ਅਤੇ ਮਗਨਰੇਗਾ ਕਾਮਿਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੇ ਇਸ ਪ੍ਰਤੀ ਕੋਈ ਅਣਗਹਿਲੀ ਵਰਤੀ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੰਚਾਇਤ ਮੰਤਰੀ ਸ. ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਅਤੇ ਇਸ ਦੀਆਂ 81 ਪਿੰਡਾਂ ਵਿੱਚ ਵਿਕਾਸ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰੌਸ਼ਨ ਜੋਸਫ ਨੇ ਵੀ ਆਪਣੇ ਸੰਬੋਧਨ ਵਿੱਚ ਕੈਪਟਨ ਸਰਕਾਰ ਦੀਆਂ ਉਪਲਬਧੀਆਂ ਨੂੰ ਗਿਣਾਇਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਵਿਕਾਸ ਹੀ ਇਸ ਦਾ ਮੁੱਖ ਏਜੰਡਾ ਹੈ।
ਇਸ ਮੌਕੇ ਬਟਾਲਾ ਹਲਕੇ ਦੀਆਂ 81 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 5.62 ਕਰੋੜ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਰਣਬੀਰ ਸਿੰਘ ਮੂਧਲ, ਡੀ.ਡੀ.ਪੀ.ਓ. ਸ. ਲਖਵਿੰਦਰ ਸਿੰਘ ਰੰਧਾਵਾ, ਬੀ.ਡੀ.ਪੀ.ਓ. ਬਟਾਲਾ ਸ. ਗੁਰਜੀਤ ਸਿੰਘ, ਬੀ.ਡੀ.ਪੀ.ਓ. ਕਾਦੀਆਂ ਸ੍ਰੀਮਤੀ ਪਰਮਜੀਤ ਕੌਰ, ਬੀ.ਡੀ.ਪੀ.ਓ. ਕਾਹਨੂੰਵਾਨ ਸ. ਸੁਖਜਿੰਦਰ ਸਿੰਘ, ਸੰਜੀਵ ਤ੍ਰਿੱਖਾ, ਸ. ਸਿਕੰਦਰ ਸਿੰਘ ਪੀ.ਏ, ਮਾਸਟਰ ਸਰਬਜੀਤ ਸਿੰਘ, ਚੇਅਰਮੈਨ ਮਨਜੀਤ ਸਿੰਘ, ਸੁਖ ਤੇਜਾ, ਕਸਤੂਰੀ ਲਾਲ ਸੇਠ, ਰਾਣੂ ਸੇਖੜੀ ਆਦਿ ਹਾਜ਼ਰ ਸਨ।