ਚੰਡੀਗੜ੍ਹ, 19 ਫਰਵਰੀ, 2019: ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕੱਲ੍ਹ ਹਾਰਵਰਡ ਯੂਨੀਵਰਸਿਟੀ ਬੋਸਟਨ ਵਿੱਚ ਇੱਕ ਅੰਤਰਰਾਸ਼ਟਰੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ 'ਇੰਡੀਆ ਐਟ ਐੱਲ ਇਨਫਲੇਸ਼ਨ ਪੁਆਇੰਟ' ਦੇ ਮੁੱਦੇ ਤੇ ਸੰਬੋਧਨ ਕੀਤਾ। ਇਸ ਮੌਕੇ ਉੱਘੀਆਂ ਰਾਜਨੀਤਿਕ ਸ਼ਖ਼ਸੀਅਤਾਂ ਨੇ 2019 ਦੀਆਂ ਚੋਣਾਂ ਵਿੱਚ ਖੇਤਰੀ ਪਾਰਟੀਆਂ ਦੀ ਭੂਮਿਕਾ ਬਾਰੇ ਗੱਲਬਾਤ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਕਾਨਫ਼ਰੰਸ ਵਿੱਚ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੁਆਰਾ ਸਿੱਖਿਆ,ਸਿਹਤ ਅਤੇ ਸਰਕਾਰੀ ਸੇਵਾਵਾਂ ਵਿੱਚ ਕੀਤੇ ਜਾ ਰਹੇ ਬੇਮਿਸਾਲ ਕੰਮਾਂ ਬਾਰੇ ਗੱਲਬਾਤ ਕੀਤੀ ਗਈ ਅਤੇ ਸਾਰੇ ਬੁਲਾਰਿਆਂ ਨੇ ਇਸ ਨੂੰ ਸਰਾਹਿਆ। ਉਨ੍ਹਾਂ ਕਿਹਾ ਕਿ ਸਾਰੇ ਬੁਲਾਰਿਆਂ ਨੇ ਦਿੱਲੀ ਦੇ ਮਾਡਲ ਨੂੰ ਵਿਕਸਿਤ ਦੇਸ਼ਾਂ ਵਿੱਚ ਵੀ ਲਾਗੂ ਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਅਰੋੜਾ ਨੇ ਕਿਹਾ ਕਿ ਬੁਲਾਰਿਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਮੋਦੀ ਸਰਕਾਰ ਖ਼ਿਲਾਫ਼ ਬਣ ਰਹੇ ਮਾਹੌਲ ਵਿੱਚ ਆਪ ਟੀ.ਐਮ.ਸੀ, ਟੀ.ਆਰ.ਐੱਸ,ਐਸ.ਪੀ ਬੀ.ਐਸ.ਪੀ, ਟੀ.ਡੀ.ਪੀ. ਵਰਗੀਆਂ ਪਾਰਟੀਆਂ ਸਰਕਾਰ ਦੇ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾਉਣਗੀਆਂ
ਇਸ ਕਾਨਫ਼ਰੰਸ ਵਿੱਚ ਭਾਰਤ ਵਿਚੋਂ ਵੱਖ ਵੱਖ ਕਿੱਤਿਆਂ ਨਾਲ ਸਬੰਧਿਤ ਜਿਨ੍ਹਾਂ ਵਿੱਚੋਂ ਧਰਮ ਗੁਰੂ ਸਦਗੁਰੂ, ਰਾਜਸਥਾਨ ਦੇ ੳੁਪ ਮੁੱਖ ਮੰਤਰੀ ਸਚਿਨ ਪਾਇਲਟ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਏ.ਆਈ.ਐੱਮ.ਆਈ.ਐੱਮ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ, ਮਹਾਰਾਸ਼ਟਰ ਐੱਨਸੀਪੀ ਦੇ ਪ੍ਰਧਾਨ ਅਤੇ ਵਿਧਾਇਕ ਜਯੰਤ ਪਾਟਿਲ ਨੇ ਸ਼ਮੂਲੀਅਤ ਕੀਤੀ।