ਫਿਰੋਜ਼ਪੁਰ 20 ਫਰਵਰੀ (ਗੁਰਿੰਦਰ ਸਿੰਘ): ਫਿਰੋਜ਼ਪੁਰ-ਜ਼ੀਰਾ ਰੋਡ 'ਤੇ ਪਿੰਡ ਸਾਂਦੇ ਹਾਸ਼ਮ ਨੇੜੇ ਅੱਜ ਸਵੇਰੇ ਤੇਜ਼ ਰਫਤਾਰ ਬੱਸ ਅਤੇ ਮੋਟਰਸਾਈਕਲ ਦਰਮਿਆਨ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਤੀ-ਪਤਨੀ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬੂਟਾ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਨਾਜ਼ੂ ਸ਼ਾਹ, ਪ੍ਰੇਮ ਪੁੱਤਰ ਬਾਗ ਅਤੇ ਆਸ਼ਾ ਪਤਨੀ ਪ੍ਰੇਮ ਵਾਸੀ ਪਿੰਡ ਯਾਰੇ ਸ਼ਾਹ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਪ੍ਰੇਮ, ਆਸ਼ਾ ਅਤੇ ਬੂਟਾ ਇਕੋ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸੀ, ਜਦੋਂ ਉਹ ਪਿੰਡ ਸਾਂਦੇ ਹਾਸ਼ਮ ਕੋਲ ਪਹੁੰਚੇ ਤਾਂ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਨਿਊ ਦੀਪ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਪ੍ਰਤੱਖ ਦਰਸ਼ੀਆਂ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਪ੍ਰੇਮ, ਆਸ਼ਾ ਅਤੇ ਬੂਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ।ਸੂਚਨਾ ਮਿਲਦਿਆਂ ਥਾਣਾ ਸਦਰ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।