ਫਿਰੋਜ਼ਪੁਰ 20 ਫਰਵਰੀ (ਗੁਰਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਲੋਕ ਵਿਰੋਧੀ, ਮੁਲਾਜਮ ਵਿਰੋਧੀ ਐਲਾਨਦਿਆਂ ਪੰਜਾਬ ਤੇ ਯੂ.ਟੀ ਮੁਲਾਜਮ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਸੱਦੇ 'ਤੇ ਜਿਲ੍ਹਾ ਫਿਰੋਜਪੁਰ ਇਕਾਈ ਵੱਲੋ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਾਥੀ ਰਵਿੰਦਰ ਲੂਥਰਾ ਤੇ ਸਾਥੀ ਜਗਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਚੋਣਾਂ ਦੌਰਾਨ ਕੀਤਾ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਤਾਂ ਕੀ ਪੂਰਾ ਕਰਨਾ ਸੀ ਉਲਟਾ ਨਵੇਂ ਰੁਜ਼ਗਾਰ ਪੈਦਾ ਕਰਨ ਦੀ ਗੱਲ ਵੀ ਇਸ ਬਜਟ ਵਿੱਚ ਨਹੀਂ ਕੀਤੀ ਗਈ ਉਲਟਾ ਸਰਕਾਰ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਮੰਨਣ ਲਈ ਵੀ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਬਜਟ ਵਿੱਚ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਗੱਲ ਵੀ ਨਹੀਂ ਕੀਤੀ। ਸਰਕਾਰ ਨੇ ਮੁਲਾਜਮਾਂ ਨੂੰ ਫਰਵਰੀ ਤੋਂ 6% ਡੀ.ਏ ਦੇ ਕੇ ਬਾਕੀ ਰਹਿੰਦੀਆਂ ਡੀ.ਏ ਦੀਆਂ ਕਿਸ਼ਤਾਂ ਅਤੇ ਏਰੀਅਰ ਦੇਣ ਦੀ ਗੱਲ ਤੱਕ ਨਹੀਂ ਕੀਤੀ ਅਤੇ ਨਾ ਹੀ ਪੰਜਾਬ ਦੇ ਸਮੂਹ ਵਿਭਾਗਾਂ ਵਿੱਚ ਰੈਗੂਲਰ ਤੌਰ 'ਤੇ ਖਾਲੀ ਪਈਆ ਆਸਾਮੀਆ ਲਗਭਗ 1 ਲੱਖ 75 ਹਜਾਰ ਨੂੰ ਭਰਨ ਦੀ ਕੋਈ ਗੱਲ ਕੀਤੀ ਹੈ। ਉਲਟਾ ਸਰਕਾਰ ਸਿਹਤ, ਸਿੱਖਿਆ ਅਤੇ ਜਲ ਸਪਲਾਈ, ਸੈਨੀਟੇਸ਼ਨ ਮਹਿਕਮਿਆਂ ਦਾ ਨਿੱਜੀਕਰਨ ਕਰਕੇ ਆਪਣੀ ਮੁੱਢਲੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਅੱਜ ਦੀ ਇਸ ਰੈਲੀ ਨੂੰ ਰਮਨ ਅੱਤਰੀ, ਵਿਜੈ ਕੁਮਾਰ ਹੈਪੀ, ਦਵਿੰਦਰ ਸਿੰਘ, ਰੇਸ਼ਮ ਸਿੰਘ, ਪੁਨੀਤ ਮਹਿਤਾ, ਹਰਪ੍ਰੀਤ ਸਿੰਘ ਥਿੰਦ, ਪੂਰਨ ਚੰਦ, ਗੁਰਬਖਸ਼ ਸਿੰਘ, ਨਰੇਸ਼ ਕੁਮਾਰ, ਨਰਿੰਦਰ ਕੁਮਾਰ, ਸੰਦੀਪ ਕੁਮਾਰ ਨੱਢਾ, ਫਰਾਂਸਿਸ ਭੱਟੀ, ਸ਼ੈਲੀ ਸ਼ਰਮਾਂ, ਅਮਰਜੀਤ ਸਿੰਘ, ਰਜਨੀਸ਼, ਗੀਤਾ ਰਾਣੀ, ਪ੍ਰਵੀਨ ਬਾਲਾ, ਜਸਵਿੰਦਰ ਕੌਰ, ਸੁਖਜਿੰਦਰ ਕੌਰ, ਸਵਰਨਾ ਰਾਣੀ, ਨਿਸ਼ਾ, ਇੰਨਦੀਪ, ਪਿੱਕੀ ਗਿੱਲ ਆਦਿ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਜੇਕਰ 28 ਫਰਵਰੀ ਨੂੰ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਾਰਥਿਕ ਸਿੱਟੇ ਨਾ ਨਿਕਲੇ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਮੁਲਾਜ਼ਮ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਗੇ।