ਬਠਿੰਡਾ, 20 ਫ਼ਰਵਰੀ 2019: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੇ ਬਠਿੰਡਾ ਖੇਤਰੀ ਕੇਂਦਰ ਦੇ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਦਾ ਡਾਇਰੈਕਟਰ ਡਾ. ਬਲਵਿੰਦਰ ਕੌਰ ਸਿੱਧੂ ਨੂੰ ਬਣਾਇਆ ਗਿਆ ਹੈ, ਜੋ ਇਸ ਖੇਤਰੀ ਕੇਂਦਰ ਦੀ ਪਹਿਲੀ ਮਹਿਲਾ ਮੁਖੀ ਬਣੇ ਹਨ। ਪੰਜਾਬੀ ਅਧਿਆਪਨ ਨੂੰ ਪ੍ਰਣਾਏ, ਪੰਜਾਬੀ ਗਲਪ, ਗੁਰਮਤਿ ਕਾਵਿ, ਸੂਫ਼ੀ ਕਾਵਿ, ਕਿੱਸਾ ਕਾਵਿ ਅਤੇ ਪੰਜਾਬੀ ਲੋਕਯਾਨ ਆਦਿ ਵੱਖ-ਵੱਖ ਖੇਤਰਾਂ ਵਿੱਚ ਨਿੱਠ ਕੇ ਖੋਜ ਕਾਰਜ ਕਰਨ ਵਾਲੇ ਡਾ. ਸਿੱਧੂ ਨੇ ਅੱਜ ਆਪਣਾ ਅਹੁਦਾ ਸਾਂਭਣ ਪਿੱਛੋਂ ਗੱਲਬਾਤ ਦੌਰਾਨ ਯੂਨੀਵਰਸਿਟੀ ਅਥਾਰਿਟੀ, ਉਪ-ਕੁਲਪਤੀ, ਰਜਿਸਟਰਾਰ, ਡੀਨ ਅਕਾਦਮਕ ਦਾ ਇਸ ਨਿਯੁਕਤੀ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਅਕਾਦਮਿਕ ਖੇਤਰ ਹੀ ਉਨਾਂ ਦੀ ਤਰਜੀਹ ਰਹੇਗੀ।
ਡਾ. ਸਿੱਧੂ ਨੇ ਦੱਸਿਆ ਕਿ ਉਨਾਂ ਨੂੰ 'ਹੈੱਡਸ਼ਿਪ ਬਾਏ ਰੋਟੇਸ਼ਨ ਸਕੀਮ' ਤਹਿਤ 20 ਫ਼ਰਵਰੀ, 2019 ਤੋਂ ਤਿੰਨ ਸਾਲ ਲਈ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ, ਗੁਰਮਤਿ ਸਿਧਾਂਤਾਂ ਅਤੇ ਸਿੱਖ ਇਤਿਹਾਸ ਦੀ ਪ੍ਰਸੰਗਿਕਤਾ ਵਿੱਚ ਪੰਜਾਬੀ ਸਾਹਿਤ ਦੀਆਂ ਸਮੁੱਚੀਆਂ ਵਿਧਾਵਾਂ ਨੂੰ ਸਮਕਾਲੀ ਜੀਵਨ ਦੀ ਸਾਰਥਕਿਤਾ ਹਿੱਤ ਪੇਸ਼ ਕਰਨਾ ਆਪਣੀ ਸ਼ਖ਼ਸੀਅਤ ਦਾ ਖ਼ਾਸਾ ਬਣਾਉਣ ਵਾਲੇ ਡਾ. ਸਿੱਧੂ ਨੇ ਆਪਣੀਆਂ ਦਰਜਨ ਦੇ ਕਰੀਬ ਕਿਤਾਬਾਂ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ-ਨਾਲ ਧਰਮ ਅਤੇ ਦਰਸ਼ਨ ਨਾਲ ਸਬੰਧਤ ਵੱਖ-ਵੱਖ ਸਰੋਕਾਰਾਂ ਨੂੰ ਵੀ ਸਾਹਮਣੇ ਲਿਆਂਦਾ ਹੈ।
ਅਧਿਆਪਨ ਖੇਤਰ ਵਿੱਚ ਅਨੇਕਾਂ ਵਿਦਿਆਰਥੀਆਂ ਦੇ ਪੀਐੱਚ.ਡੀ. ਅਤੇ ਐਮ.ਫ਼ਿਲ ਲਈ ਬਤੌਰ ਨਿਗਰਾਨ ਕੰਮ ਕਰਨ ਵਾਲੇ ਡਾ. ਸਿੱਧੂ ਮਾਲਵਾ ਖੇਤਰ ਦੀ ਇਸ ਸਿਰਮੌਰ ਵਿਦਿਅਕ ਸੰਸਥਾ ਪੰਜਾਬੀ ਯੂਨੀਵਰਸਿਟੀ ਖੇਤਰੀ ਕੇਂਦਰ ਬਠਿੰਡਾ ਵਿਖੇ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਹਨ ਅਤੇ ਵੱਖ-ਵੱਖ ਕਮੇਟੀਆਂ ਨਾਲ ਬਤੌਰ ਮੈਂਬਰ ਜਾਂ ਮੁਖੀ ਵਜੋਂ ਜੁੜੇ ਰਹੇ ਹਨ। ਉਹ ਦੇਸ਼ ਵਿਦੇਸ਼ ਵਿੱਚ ਕਈ ਉੱਚ ਕੋਟੀ ਦੀਆਂ ਕਾਨਫ਼ਰੰਸਾਂ ਸਣੇ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਵਿੱਚ ਸ਼ਮੂਲੀਅਤ ਕਰ ਚੁੱਕੇ ਹਨ।
ਉਨਾਂ ਦੇ ਅਹੁਦਾ ਸਾਂਭਣ ਮੌਕੇ ਕਰਵਾਏ ਗਏ ਸੰਖੇਪ ਸਮਾਗਮ ਦੌਰਾਨ ਡਾ. ਬੂਟਾ ਸਿੰਘ ਡੀਨ ਅਕਾਦਮਿਕ ਮਾਮਲੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ, ਗੁਰਪਾਲ ਸਿੰਘ ਢਿੱਲੋਂ ਜੰਗਲਾਤ ਅਫ਼ਸਰ ਬਠਿੰਡਾ, ਪਰਮਜੀਤ ਸਿੰਘ ਕਾਰਜਸਾਧਕ ਅਫ਼ਸਰ, ਸਰਦੂਲ ਸਿੰਘ ਜ਼ਿਲਾ ਭਲਾਈ ਅਫ਼ਸਰ ਬਠਿੰਡਾ, ਹਰਦੀਦਾਰ ਸਿੰਘ ਐਕਸੀਅਨ ਬਿਜਲੀ ਬੋਰਡ, ਪ੍ਰੋ. ਪਰਮਜੀਤ ਸਿੰਘ ਰੋਮਾਣਾ, ਪ੍ਰੋ. ਸਤਨਾਮ ਸਿੰਘ ਜੱਸਲ, ਪ੍ਰੋ. ਜੀਤ ਸਿੰਘ ਜੋਸੀ, ਪ੍ਰੋ. ਬੂਟਾ ਸਿੰਘ ਬਰਾੜ, ਡਾ. ਕੰਵਲਜੀਤ ਸਿੰਘ ਮੁਖੀ ਐਜੂਕੇਸ਼ਨ ਵਿਭਾਗ, ਡਾ. ਨਿੰਮੀ ਇੰਚਾਰਜ ਲਾਅ ਵਿਭਾਗ, ਡਾ. ਰਮਿੰਦਰ ਸਿੰਘ, ਰਾਜਿੰਦਰ ਸਿੰਘ ਅਤੇ ਹੋਰ ਰਿਸ਼ਤੇਦਾਰ ਦੋਸਤਾਂ ਨੇ ਸ਼ਿਰਕਤ ਕੀਤੀ।