ਚੰਡੀਗੜ੍ਹ, 20 ਫਰਵਰੀ 2019 - ਵਿਰੋਧੀ ਧਿਰ ਦੇ ਨੇਤਾ ਅਤੇ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਦੇ ਸਵਾਲ 'ਤੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਦਨ 'ਚ ਦੱਸਿਆ ਕਿ ਦਿੜ੍ਹਬਾ ਹਲਕੇ ਦੇ ਪਿੰਡਾਂ ਛਾਜਲੀ ਅਤੇ ਮਹਿਲਾ ਨੂੰ ਛੇਤੀ ਹੀ ਨਗਰ ਪੰਚਾਇਤਾਂ (ਐਨ.ਏ.ਸੀ) ਬਣਾਇਆ ਜਾ ਰਿਹਾ ਹੈ। ਜ਼ਿਮਨੀ ਸਵਾਲ ਕਰਦਿਆਂ ਚੀਮਾ ਨੇ ਸਪੀਕਰ ਰਾਹੀਂ ਨਵਜੋਤ ਸਿੰਘ ਸਿੱਧੂ ਨੂੰ ਯਾਦ ਕਰਵਾਇਆ ਕਿ ਪਿਛਲੇ ਸੈਸ਼ਨ ਦੌਰਾਨ ਵੀ ਇਸ ਸਵਾਲ 'ਤੇ ਇਹੋ ਭਰੋਸਾ ਸੀ ਪਰੰਤੂ ਅਜੇ ਤੱਕ ਕੁੱਝ ਨਹੀਂ ਹੋਇਆ, ਬਲਕਿ ਵਾਰ-ਵਾਰ ਇਤਰਾਜ਼ ਲਗਾਏ ਜਾ ਰਹੇ ਹਨ। ਜਿਸ ਕਾਰਨ ਇਹ ਸਵਾਲ ਫਿਰ ਤੋਂ ਕਰਨਾ ਪਿਆ, ਇਸ ਲਈ ਇਹ ਦੱਸਿਆ ਜਾਵੇ ਕਿ ਕਦੋਂ ਤੱਕ ਦੋਵੇਂ ਪਿੰਡਾਂ ਨੂੰ ਨਗਰ ਪੰਚਾਇਤਾਂ ਘੋਸ਼ਿਤ ਕਰ ਦਿੱਤਾ ਜਾਵੇਗਾ।
ਇਸ 'ਤੇ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਦਫ਼ਤਰੀ ਪ੍ਰਕਿਰਿਆ 80 ਪ੍ਰਤੀਸ਼ਤ ਮੁਕੰਮਲ ਹੋ ਚੁੱਕੀ ਹੈ ਅਤੇ ਛੇਤੀ ਹੀ ਦੋਵੇਂ ਪਿੰਡਾਂ ਨੂੰ ਨੋਟੀਫਾਈਡ ਏਰੀਆ ਕਮੇਟੀ ਬਣਾ ਦਿੱਤਾ ਜਾਵੇਗਾ।
ਪ੍ਰਸ਼ਨਕਾਲ ਦੌਰਾਨ 'ਆਪ' ਦੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ 'ਤੇ ਉੱਚ ਸਿੱਖਿਆ ਮੰਤਰੀ ਰਜ਼ੀਆ ਸੁਲਤਾਨਾ ਨੇ ਬਿਲਾਸਪੁਰ (ਮੋਗਾ) 'ਚ ਡਿਗਰੀ ਕਾਲਜ ਖੋਲ੍ਹਣ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ। ਬਿਲਾਸਪੁਰ ਨੇ ਦੱਸਿਆ ਕਿ ਬਿਲਾਸਪੁਰ 8 ਪਿੰਡਾਂ ਦੇ ਕੇਂਦਰ 'ਚ ਸਥਿਤ ਹੈ, ਇਸ ਲਈ ਉੱਥੇ ਡਿਗਰੀ ਕਾਲਜ ਦੀ ਬਹੁਤ ਜ਼ਰੂਰਤ ਹੈ, ਪਰੰਤੂ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ 'ਚ ਪਹਿਲਾਂ ਹੀ 22 ਕਾਲਜ ਹਨ ਅਤੇ ਬਿਲਾਸਪੁਰ ਤੋਂ 11 ਕਿੱਲੋਮੀਟਰ ਦੂਰ ਯੂਨੀਵਰਸਿਟੀ ਕਾਲਜ ਹੈ। ਇਸ ਲਈ ਅਜਿਹਾ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ।