ਨਵਾਂ ਸ਼ਹਿਰ, 20 ਜਨਵਰੀ, 2019 : ਪੰਜਾਬ ਸਰਕਾਰ ਵੱਲੋਂ ਰਾਜ ਭਰ ’ਚ ਲਾਏ ਜਾ ਰਹੇ ਚੌਥੇ ਪੜਾਅ ਦੇ ਰੋਜ਼ਗਾਰ ਮੇਲਿਆਂ ਦੀ ਲੜੀ ਤਹਿਤ ਅੱਜ ਨਵਾਂਸ਼ਹਿਰ ਦੀ ਆਈ ਟੀ ਆਈ ਵਿਖੇ ਲਾਇਆ ਗਿਆ ਰੋਜ਼ਗਾਰ ਮੇਲਾ ਸ਼ਾਮ 4ਵਜੇ ਤੱਕ ਮਿਲੇ ਅੰਕੜਿਆਂ ਮੁਤਾਬਿਕ 1172 ਨੌਜੁਆਨਾਂ ਦੀ ਰੋਜ਼ਗਾਰ ਪ੍ਰਾਪਤੀ ਦੀ ਆਸ ਨੂੰ ਪੂਰਾ ਕਰਨ ’ਚ ਸਫ਼ਲ ਰਿਹਾ। ਮੇਲੇ ਦੌਰਾਨ 28 ਨਾਮੀਂ ਸਨਅਤਾਂ ਤੇ ਵਪਾਰਕ ਇਕਾਈਆਂ ਨੇ 2185 ਨੌਜੁਆਨਾਂ ਦੀ ਇੰਟਰਵਿਊ ਲਈ ਅਤੇ ਆਪਣੇ ਅਦਾਰੇ ਦੀ ਮੰਗ ਮੁਤਾਬਕ ਰੋਜ਼ਗਾਰ ਦਿੱਤਾ। ਇਸ ਤੋਂ ਇਲਾਵਾ 209 ਉਮੀਦਵਾਰਾਂ ਨੂੰ ਕੰਪਨੀਆਂ ਵਲੋਂ ਬਾਅਦ ਵਿੱਚ ਬੁਲਾਉਣ ਲਈ ਸ਼ਾਰਟ ਲਿਸਟ ਕੀਤਾ ਗਿਆ, ਜਦ ਕਿ 190 ਨੂੰ ਮੌਕੇ ’ਤੇ ਹੀ ਸਵੈ ਰੋਜ਼ਗਾਰ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕਰਵਾਉਂਦਿਆਂ ਜਿੱਥੇ ਰੋਜ਼ਗਾਰ ਲੈਣ ਆਏ ਨੌਜੁਆਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਉੱਥੇ ਚੁਣੇ ਗਏ ਬਹੁਤ ਸਾਰੇ ਨੌਜੁਆਨਾਂ ਨੂੰ ਆਪਣੇ ਹੱਥੀਂ ਨਿਯੁੱਕਤੀ ਪੱਤਰ ਵੀ ਸੌਂਪੇ। ਉਨ੍ਹਾਂ ਚੁਣੇ ਗਏ ਨੌਜੁਆਨਾਂ ਨੂੰ ਰੋਜ਼ਗਾਰ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਮੇਹਨਤ ਤੇ ਲਗਨ ਨਾਲ ਕੰਮ ਕਰਨਗੇ ਤਾਂ ਤਰੱਕੀ ਦੇ ਅਵਸਰ ਵੀ ਪ੍ਰਾਪਤ ਕਲਰਦੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਚਲਾਈ ਗਈ ਰੋਜ਼ਗਾਰ ਮੇਲਿਆਂ ਦੀ ਮੁਹਿੰਮ ਦਾ ਉਦੇਸ਼ ਪੜ੍ਹ-ਲਿਖ ਕੇ ਬੇਰੋਜ਼ਗਾਰ ਫ਼ਿਰਦੇ ਨੌਜੁਆਨਾਂ ਨੂੰ ਰੋਜ਼ਗਾਰ ਦੇ ਅਵਸਰ ਦਿਵਾਉਣਾ ਹੈ ਅਤੇ ਇਸ ਵਿੱਚ ਵੱਡੀ ਸਫ਼ਲਤਾ ਵੀ ਮਿਲ ਰਹੀ ਹੈ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਅੱਜ ਸਾਨੂੰ 10 ਜਾਂ 11 ਹਜ਼ਾਰ ਰੁਪਏ ਮਾਸਿਕ ’ਤੇ ਰੋਜ਼ਗਾਰ ਦੀ ਪੇਸ਼ਕਸ਼ ਹੁੰਦੀ ਹੈ ਤਾਂ ਸਾਨੂੰ ਇਹ ਸੋਚ ਕੇ ਹਾਂ ਕਰ ਦੇਣੀ ਚਾਹੀਦੀ ਹੈ ਕਿ ਅਸੀਂ ਆਪਣੀ ਮੇਹਨਤ ਦੇ ਸਿਰ ’ਤੇ ਕੁੱਝ ਹੀ ਮਹੀਨਿਆਂ ’ਚ ਇਸ ਤੋਂ ਵੀ ਕਿਧਰੇ ਅੱਗੇ ਕਮਾਉਣ ਲੱਗ ਜਾਵਾਂਗੇ। ਉਨ੍ਹਾਂ ਕਿਹਾ ਅੱਜ ਦੇ ਰੋਜ਼ਗਾਰ ਮੇਲੇ ’ਚ ਹੀਰੋ ਸਾਈਕਲਜ਼, ਰਿਲਾਇੰਸ ਜਿਓ, ਡੈਮੋਰ ਸੋਲਿਊਸ਼ਨਜ਼, ਐਸ ਬੀ ਆਈ ਲਾਈਫ਼ ਇੰਸ਼ੋਰੈਂਸ, ਭਾਰਤੀ ਐਕਸਾ, ਐਕਸਿਸ ਬੈਂਕ, ਐਕਸਪਰਟ ਮੈਨਪਾਵਰ, ਜੀ ਆਈ (ਗੋਦਰੇਜ਼) ਗਰੁੱਪ, ਰੋਕਮੈਨ ਇੰਡਸਟ੍ਰੀਜ਼ ਲਿਮਿਟਡ, ਵਾਈਬ੍ਰਾਸਿਸਟਿਕ, ਸੇਂਟ ਗੋਬਿਨ ਗਲਾਸ ਦੀ ਸਹਿਯੋਗੀ ਗਰਾਈਂਡਵੈਲ ਨੋਰਟਨ ਲਿਮਟਿਡ, ਹਾਈ-ਵੇਅ ਇੰਡਸਟ੍ਰੀਜ਼ ਲਿਮਿਟਡ, ਫ੍ਰੈਂਡਜ਼ ਆਟੋ, ਜੀ ਐਨ ਏ, ਮਾਨਿਕਾ ਮੋਲਡਜ਼ ਊਨਾ ਤੇ ਕੁਐਂਟਮ ਪੇਪਰ ਮਿੱਲ ਜਿਹੀਆਂ ਸਨਅਤਾ ਤੇ ਵਪਾਰਕ ਇਕਾਈਆਂ ਸਮੇਤ 28 ਕੰਪਨੀਆਂ ਦੀ ਸ਼ਮੂਲੀਅਤ ਹੋਈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਾਠਗੜ੍ਹ ਦੇ ਰਹਿਣ ਵਾਲੇ ਪੰਕਿਤ ਸ਼ਰਮਾ ਨੂੰ ਹੀਰੋ ਸਾਈਕਲਜ਼ ਵੱਲੋਂ ਮਿਲਿਆ ਨਿਯੁੱਕਤੀ ਪੱਤਰ ਸੌਂਪਦਿਆਂ ਕਿਹਾ ਕਿ ਆਈ ਟੀ ਆਈ ਇਲੈਕਟ੍ਰੀਸ਼ਨ ਸਰਟੀਫ਼ਿਕੇਟ ਪ੍ਰਾਪਤ ਇਸ ਨੌਜੁਆਨ ਦੀ ਸਫ਼ਲਤਾ ਦੀ ਅੱਜ ਇਹ ਪਹਿਲੀ ਪੌੜੀ ਹੈ ਅਤੇ ਆਪਣੀ ਪਹਿਲੀ ਨੌਕਰੀ ਦੇ ਤਜ਼ਰਬੇ ਨਾਲ ਇਹ ਨੌਜੁਆਨ ਤਰੱਕੀ ਦੀਆਂ ਅਗਲੀਆਂ ਮੰਜ਼ਿਲਾਂ ਛੋਹਣ ਦੇ ਸਮਰੱਥ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲੇ ਪੰਕਿਤ ਵਰਗੇ ਨੌਜੁਆਨਾਂ ਦੇ ਸੁਫ਼ਨਿਆਂ ਨੂੰ ਹਕੀਕਤ ’ਚ ਬਦਲਣ ’ਚ ਕਾਮਯਾਬ ਹੋ ਰਹੇ ਹਨ।
ਉਨ੍ਹਾਂ ਨੇ ਆਈ ਟੀ ਆਈ ਨਵਾਂਸ਼ਹਿਰ ਦੇ ਪਿ੍ਰੰਸੀਪਲ ਰੁਪਿੰਦਰ ਸਿੰਘ ਅਤੇ ਵਾਈਸ ਪਿ੍ਰੰਸੀਪਲ ਜਸਵੀਰ ਕੌਰ ਵੱਲੋਂ ਆਪਣੇ ਸਮੁੱਚੇ ਸਟਾਫ਼ ਨਾਲ ਅੱਜ ਦੇ ਰੋਜ਼ਗਾਰ ਮੇਲੇ ਦੀ ਕਾਮਯਾਬੀ ਲਈ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ, ਸੁਪਰਡੈਂਟ ਗੁਰਵਿੰਦਰ ਸਿੰਘ, ਕੌਂਸਲਰ ਸੁਖਜੀਤ ਸਿੰਘ ਤੇ ਪਲੇਸਮੈਂਟ ਅਫ਼ਸਰ ਮਿਨਾਕਸ਼ੀ ਬੇਦੀ ਵੱਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਮੁੱਖ ਕਾਰਜਕਾਰੀ ਅਫ਼ਸਰ ਸ੍ਰੀਮਤੀ ਅਮਿ੍ਰਤ ਸਿੰਘ ਏ ਡੀ ਸੀ (ਜ) ਦੀ ਅਗਵਾਈ ’ਚ ਰੋਜ਼ਗਾਰ ਮੇਲੇ ਦੀ ਸਫ਼ਲਤਾ ਲਈ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਰੋਜ਼ਗਾਰ ਮੇਲੇ ’ਚ ਸ਼ਾਮਿਲ ਹੋਣ ਆਏ ਨੌਜੁਆਨਾਂ ਦੀ ਮੱਦਦ ਲਈ 10 ਰਜਿਸਟ੍ਰੇਸ਼ਨ ਕਾਊਂਟਰ ਸਥਾਪਿਤ ਕੀਤੇ ਗਏ ਸਨ ਜਦਕਿ ਨੌਜੁਆਨਾਂ ਲਈ ਖਾਣੇ ਦਾ ਵੀ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਗਿਆ ਸੀ। ਰਜਿਸਟ੍ਰੇਸ਼ਨ ਕਾਊਂਟਰਾਂ, ਆਈਆਂ ਕੰਪਨੀਆਂ ਤੇ ਨੌਜੁਆਨਾਂ ਦੀ ਮੱਦਦ ਲਈ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਗਾਈਡੈਂਸ ਕੌਂਸਲਰ ਅਧਿਆਪਕਾਂ ਅਤੇ ਗਾਰਡੀਅਨਜ਼ ਆਫ਼ ਗਵਰਨੈਂਸ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਸੇਵਾ ਨਿਭਾਈ ਗਈ।
ਇਸ ਮੌਕੇ ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ, ਜੀ ਓ ਜੀ ਦੇ ਜ਼ਿਲ੍ਹਾ ਮੁਖੀ ਕਰਨਲ (ਸੇਵਾਮੁਕਤ) ਚੂਹੜ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।