ਕਾਲਜ ਸਾਹਮਣੇ ਪ੍ਰਦਰਸ਼ਨ ਕਦੇ ਵਿਦਿਆਰਥੀ
ਲੋਕੇਸ਼ ਰਿਸ਼ੀ
ਗੁਰਦਾਸਪੁਰ 20 ਫਰਵਰੀ 2019- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਹਾਲਾਤ ਉਸ ਵੇਲੇ ਤਣਾ ਪੂਰਨ ਹੁੰਦੇ ਨਜ਼ਰ ਆਏ ਜਦੋਂ ਇੱਥੋਂ ਦੇ ਇੱਕ ਨਿਝੀ ਕਾਲਜ ਵਿਖੇ ਪੜ੍ਹ ਰਹੇ ਕੁਝ ਕਸ਼ਮੀਰੀ ਵਿਦਿਆਰਥੀਆਂ ਤੇ ਭਾਰਤ ਦੇ ਝੰਡੇ ਨੂੰ ਪਾੜਨ ਅਤੇ ਬਾਦ ਵਿੱਚ ਉਸ ਨੂੰ ਬਾਥਰੂਮ ਵਿਖੇ ਸੁੱਟਣ ਦੇ ਕਥਿਤ ਦੋਸ਼ ਲੱਗਣੇ ਸ਼ੁਰੂ ਹੋ ਗਏ। ਘਟਨਾ ਤੋਂ ਬਾਦ ਉਸੇ ਹੀ ਕਾਲਜ ਦੇ ਬਾਕੀ ਵਿਦਿਆਰਥੀਆਂ ਨੇ ਘਟਨਾ ਪ੍ਰਤੀ ਆਪਣਾ ਵਿਰੋਧ ਦਰਜ ਕਰਵਾਉਂਦਿਆਂ ਕਾਲਜ ਦੇ ਸਾਹਮਣੇ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਕਸ਼ਮੀਰੀ ਵਿਦਿਆਰਥੀਆਂ ਨੂੰ ਕਾਲ ਵਿੱਚੋਂ ਬਰਖ਼ਾਸਤ ਕੀਤਾ ਜਾਵੇ। ਗੱਲ ਵਧੀ ਤੇ ਪੁਲਿਸ ਦਾ ਦਖ਼ਲ ਹੋਇਆ। ਥਾਣਾ ਦੀਨਾਨਗਰ ਦੇ ਐੱਸ.ਐੱਚ.ਓ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤ ਮਿਲੀ ਹੈ ਅਤੇ ਕਿਉਂ ਕੀ ਮਾਮਲਾ ਰਾਸ਼ਟਰੀ ਝੰਡੇ ਦਾ ਹੈ ਇਸ ਲਈ ਪੂਰੇ ਮਾਮਲੇ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਸ਼ਿਕਾਇਤ ਕਰਤਾ ਅਤੁੱਲ ਨੇ ਦੱਸਿਆ ਕਿ ਉਹ ਦੀਨਾਨਗਰ ਦੇ ਉਸੇ ਕਾਲਜ ਵਿਖੇ ਪੜਾਈ ਕਰ ਰਿਹਾ ਹੈ। ਅਤੁੱਲ ਮੁਤਾਬਿਕ ਉਨ੍ਹਾਂ ਨੇ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਸਬੰਧੀ ਕਾਲਜ ਹੋਸਟਲ ਦੇ ਕਮਰਿਆਂ ਅੱਗੇ ਤਿਰੰਗਾ ਲਗਾ ਕੇ ਸ਼ਰਧਾਂਜਲੀ ਦਿੱਤੀ। ਪਰ ਇਸੇ ਹੀ ਕਾਲਜ ਵਿਖੇ ਪੜ੍ਹਨ ਵਾਲੇ ਕਸ਼ਮੀਰੀ ਵਿਦਿਆਰਥੀ ਸੁਹੇਲ ਨੇ ਪਹਿਲਾਂ ਤਾਂ ਤਿਰੰਗੇ ਦੀ ਬੇ ਅਦਬੀ ਕਰਦਿਆਂ ਉਸ ਨੂੰ ਪਾੜਿਆ ਅਤੇ ਬਾਦ ਵਿੱਚ ਹੋਸਟਲ ਦੇ ਬਾਥਰੂਮ ਵਿੱਚ ਸੁੱਟ ਦਿੱਤਾ। ਸ਼ਿਕਾਇਤ ਕਰਤਾ ਵੱਲੋਂ ਇਹ ਵੀ ਕਿਹਾ ਗਿਆ ਕਿ ਸੁਹੇਲ ( ਕਸ਼ਮੀਰੀ ਵਿਦਿਆਰਥੀ) ਵੱਲੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਭਾਰਤ ਵਿਰੋਧੀ ਪੋਸਟਾਂ ਪਾਈਆਂ ਜਾਂਦੀਆਂ ਸਨ। ਜਿਸ ਤੋਂ ਬਾਦ ਉਨ੍ਹਾਂ ਨੇ ਕਾਲਜ ਦੀ ਮੈਨੇਜਮੈਂਟ ਨੂੰ ਇਸ ਦੀ ਸ਼ਿਕਾਇਤ ਕੀਤੀ, ਪਰ ਮੈਨੇਜਮੈਂਟ ਵੱਲੋਂ ਉਸ ਸ਼ਿਕਾਇਤ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਅਤੁੱਲ ਨੇ ਦੱਸਿਆ ਕਿ ਦੇਸ਼ ਦੇ ਝੰਡੇ ਦੀ ਬੇ ਅਦਬੀ ਕਰਨ ਸਬੰਧੀ ਵੀ ਕਾਲਜ ਮੈਨੇਜਮੈਂਟ ਨੂੰ ਸ਼ਿਕਾਇਤ ਕੀਤੀ ਗਈ ਸੀ, ਪਰ ਮੈਨੇਜਮੈਂਟ ਨੇ ਇਸ ਤੇ ਬਣਦੀ ਕਾਰਵਾਈ ਕਰਨ ਦੀ ਬਜਾਏ। ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਮਜਬੂਰਨ ਦੇਸ਼ ਪ੍ਰੇਮੀ ਵਿਦਿਆਰਥੀਆਂ ਨੂੰ ਸੰਘਰਸ਼ ਦਾ ਰਸਤਾ ਇਖ਼ਤਿਆਰ ਕਰਨਾ ਪਿਆ।
ਉਕਤ ਮਾਮਲੇ ਸਬੰਧੀ ਥਾਣਾ ਦੀਨਾਨਗਰ ਦੇ ਐੱਸ.ਐੱਚ.ਓ ਸੁਖਰਾਜ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀ ਅਤੁੱਲ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੂਰਾ ਮਾਮਲਾ ਨਾਜ਼ੁਕ ਹੋਣ ਕਾਰਨ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਸ਼ਿਕਾਇਤਕਰਤਾ ਦੀ ਦਰਖ਼ਾਸਤ ਤੇ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਕਾਲਜ ਵਿਖੇ ਪੁਲਿਸ ਦੀ ਦਖ਼ਲ ਦੌਰਾਨ ਇਕੱਠੇ ਹੋਏ ਵਿਦਿਆਰਥੀ