ਲੋਕੇਸ਼ ਰਿਸ਼ੀ
ਗੁਰਦਾਸਪੁਰ, 21 ਢਰਵਰੀ 2019 -ਪਠਾਨਕੋਟ ਏਅਰਬੇਸ ਉਪਰ ਹੋਏ ਅੱਤਵਾਦੀ ਹਮਲੇ ਦੌਰਾਨ ਚਰਚਾ ਵਿੱਚ ਆਏ ਪੰਜਾਬ ਪੁਲਿਸ ਦੇ ਸਾਬਕਾ ਐਸ.ਪੀ ਸਲਵਿੰਦਰ ਸਿੰਘ ਨੂੰ ਗੁਰਦਾਸਪੁਰ ਦੀ ਮਾਨਯੋਗ ਜਿਲ੍ਹਾ ਅਦਾਲਤ ਨੇ ਮਹਿਲਾ ਉਤਪੀੜਨ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ 10 ਸਾਲ ਦੀ ਕੈਦ ਦੇ ਨਾਲ ਨਾਲ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਸਜ਼ਾ ਵਿੱਚ ਜਬਰ ਜਨਾਹ ਲਈ 10 ਸਾਲ ਅਤੇ ਭ੍ਰਿਸ਼ਟਾਚਾਰ ਕਰਨ ਤੇ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਵੇਂ ਸਜ਼ਾਵਾ ਇਕੱਠੀਆਂ ਚਲਣਗੀਆਂ।
ਸਾਲ 2014 ਦੇ ਇਸ ਮਾਮਲੇ ਵਿੱਚ ਅਦਾਲਤ ਵੱਲੋਂ ਸਲਵਿੰਦਰ ਸਿੰਘ ਨੂੰ ਬੀਤੀ 15 ਫਰਵਰੀ ਨੂੰ ਹੀ ਦੋਸ਼ੀ ਕਰਾਰ ਦੇਣ ਤੋਂ ਬਾਦ ਸਜ਼ਾ ਦਾ ਐਲਾਨ 21 ਫਰਵਰੀ ਲਈ ਸੁਰੱਖਿਤ ਰੱਖਿਆ ਗਿਆ ਸੀ।
ਪੀੜਤ ਪੱਖ ਦੇ ਵਕੀਲ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮਾਮਲੇ ਵਿੱਚ ਪੀੜਤ ਔਰਤ ਵੱਲੋਂ ਸਾਲ 2016 ਵਿੱਚ ਐਸ.ਪੀ ਸਲਵਿੰਦਰ ਸਿੰਘ ਦੇ ਖਿਲਾਫ ਜਬਰਜਨ੍ਹਾ ਅਤੇ ਰਿਸ਼ਵਤ ਲੈਣ ਦਾ ਮਾਮਲਾ ਦਰਜ ਕਰਵਾਇਆ ਸੀ। ਜਿਸ ਦੇ ਬਾਦ ਗੁਰਦਾਸਪੁਰ ਦੀ ਜਿਲ੍ਹਾ ਅਦਾਲਤ ਵਿਖੇ ਧਾਰਾ 376 ਸੀ.ਆਈ.ਪੀ.ਸੀ. ਅਧੀਨ ਲਗਾਤਾਰ 3 ਸਾਲ ਤੱਕ ਚੱਲੇ ਇਸ ਕੇਸ ਵਿੱਚ ਆਖਰ ਮਾਣਯੋਗ ਜੱਜ ਸਾਹਿਬ ਨੇ ਸਲਵਿੰਦਰ ਸਿੰਘ ਨੂੰ ਬੀਤੀ 15 ਫਰਵਰੀ ਵਾਲੇ ਦਿਣ ਦੋਸ਼ੀ ਕਰਾਰ ਦੇ ਦਿੱਤਾ।
ਇਸ ਦੇ ਨਾਲ ਹੀ ਇਸ ਕੇਸ ਵਿੱਚ ਸ਼ਿਕਾਰਤਾ ਰਜਨੀਸ਼ ਕੁਮਾਰ ਨਾਲ ਗੱਲ ਕਰਨ ਤੇ ਉਹਨਾਂ ਨੇ ਦੱਸਿਆ ਕਿ ਮਾਮਲਾ ਸਾਲ 2014 ਦਾ ਹੈ, ਪਰ ਉਹਨਾਂ ਨੂੰ ਇਹ ਮਾਮਲਾ ਦਰਕ ਰਵਾਉਣ ਲਈ ਦੋ ਸਾਲ ਲੱਗ ਗਏ।ਜਿਸ ਤੋਂ ਬਾਦ ਸਾਲ 2016 ਵਿੱਚ ਸਲਵਿੰਦਰ ਖਿਲਾਫ ਮਾਮਲਾ ਦਰਜ ਹੋਣ ਉਪਰੰਤ ਅਦਾਲਤੀ ਕੇਸ ਸ਼ੁਰੂ ਹੋ ਸਕਿਆ। ਰਜਨੀਸ਼ ਨੇ ਦੱਸਿਆ ਕਿ ਬੀਤੇ 5 ਸਾਲਾਂ ਦੌਰਾਨ ਉਹਨਾਂ ਤੇ ਵੱਖ ਵੱਖ ਅਨੇਕਾਂ ਦਬਾਅ ਵੀ ਬਨਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਕਿਸੇ ਦਬਾ ਹੇਠ ਨਹੀਂ ਆਏ ਅਤੇ ਆਖਰਕਾਰ ਸਲਵਿੰਦਰ ਸਿੰਘ ਨੂੰ ਸਜ਼ਾ ਹੋ ਹੀ ਗਈ।
ਇਹ ਹੈ ਪੂਰਾ ਮਾਮਲਾ
ਉਕਤ ਮਾਮਲੇ ਸਬੰਧੀ ਸਾਲ 2014 ਦੌਰਾਨ ਥਾਣਾ ਧਾਰੀਵਾਲ ਵਿਖੇ ਪੀੜਤ ਔਰਤ ਦੇ ਪਤੀ ਖਿਲਾਫ ਅਪਰਾਦਿਕ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਉਸ ਸਮੇਂ ਬਤੌਰ ਐਸ.ਪੀ ਸਲਵਿੰਦਰ ਸਿੰਘ ਦੇ ਜਿੰਮੇਂ ਸੀ ਅਤੇ ਏਸੇ ਕਾਰਨ ਹੀ ਸਲਵਿੰਦਰ ਸਿੰਘ ਦਾ ਪੀੜਤ ਪੱਖ ਦੇ ਘਰ ਆਉਂਣਾ ਜਾਣਾ ਸ਼ੁਰੂ ਹੋਇਆ। ਪੀੜਤ ਮੁਤਾਬਿਕ ਸਲਵਿੰਦਰ ਸਿੰਘ ਨੇ ਉਸ ਦੇ ਪਤੀ ਨੂੰ ਕੇਚ ਵਿੱਚੋਂ ਬਾਹਰ ਕੱਢਣ ਸਬੰਧੀ 50 ਹਜ਼ਾਰ ਰੁਪਏ ਰਿਸ਼ਵਤ ਅਤੇ ਸ਼ਰੀਰਿਕ ਸਬੰਧ ਬਨਾਣ ਦੀ ਮੰਗ ਕੀਤੀ ਅਤੇ ਪੀੜਤ ਪੱਖ ਨੂੰ ਵੀ ਮਜਬੂਰਨ ਸਲਵਿੰਦਰ ਸਿੰਘ ਦੀ ਗੱਲ ਮੰਣੀ ਪਈ।
ਘਟਨਾ ਤੋਂ ਬਾਦ ਪੀੜਤ ਪੱਖ ਨੇ ਪੁਲਿਸ ਕੋਲ ਸ਼ਿਕਾਇਤ ਕਰਨੀ ਚਾਹੀ ਪਰ ਉਹ ਸਲਵਿੰਦਰ ਸਿੰਘ ਦੇ ਅਸਰ-ਰਸੂਖ ਕਾਰਨ ਕਾਮਯਾਬ ਨਹੀਂ ਹੋ ਸਕੇ।ਫੇਰ ਪੀੜਤ ਪੱਖ ਨੇ ਮੁੱਖ ਮੰਤਰੀ ਨੂੰ ਆਨਲਾਈਨ ਆਪਣੀ ਸਿਕਾਇਤ ਭੇਜੀ, ਜਿਸ ਤੇ ਕਾਰਵਾਈ ਕੲਰਿਆਂ ਉਸ ਸਮੇਂ ਪਠਾਨਕੋਟ ਦੇ ਐਸ.ਪੀ ਜੀ.ਐਸ. ਖੂਰਾਨਾ ਨੇ ਮਾਮਲੇ ਦੀ ਜਾਂਚ ਦੌਰਾਨ ਪੀੜਤ ਪੱਖ ਦੇ ਦੋਸ਼ਾਂ ਨੂੰ ਸਹੀ ਪਾਇਆ ਅਤੇ ਆਖਰਕਾਰ 3 ਅਗਸਤ 2016 ਨੂੰ ਗੁਰਦਾਸਪੁਰ ਦੇ ਥਾਣਾ ਸਿਟੀ ਵਿਖੇ ਐਸ.ਪੀ ਸਲਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।ਜਿਸ ਸਮੈਂ ਸਲਵਿੰਦਰ ਸਿੰਘ ਤੇ ਉਕਤ ਕੇਸ ਫਾਈਲ ਹੋਇਆ ਉਸ ਸਮੇਂ ਉਹ 75 ਵੀਂ ਬਟਾਲੀਅਨ ਪੀ.ਏ.ਪੀ ਜਲੰਧਰ ਵਿਖੇ ਬਤੌਰ ਸਹਾਇਕ ਕਮਾਂਡੈਂਟ ਤੈਨਾਤ ਸਨ। ਸਲਵਿੰਦਰ ਤੇ ਦੋਸ਼ ਲੱਗਣ ਅਤੇ ਵਿਵਾਦ ਵਧਨ ਕਾਰਨ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
ਇਸ ਤੋਂ ਇਲਾਵਾ ਐਸ.ਪੀ ਸਲਵਿੰਦਰ ਸਿੰਘ ਦਾ ਨਾਮ 31 ਦਿਸੰਬਰ 2015 ਨੂੰ ਵੀ ਦੇਸ਼ ਭਰ ਦੀਆਂ ਸੁਰਖੀਆਂ ਵਿੱਚ ਆਇਆ ਜਦੋਂ ਪਠਾਨਕੋਟ ਏਅਰ ਬੇਸ ਤੇ ਅੱਤਵਾਦੀ ਹਮਲਾ ਹੋਇਆ ਸੀ। ਹਮਲਾ ਕਰਨ ਵਾਲੇ ਪਾਕਿਸਤਾਨੀ ਅੱਤਵਾਦੀਆਂ ਨੇ ਸਲਵਿੰਦਰ ਸਿੰਘ ਨੂੰ ਉਸ ਦੀ ਗੱਡੀ ਸਮੇਤ ਅਗਵਾ ਕਰ ਲਿਆ ਸੀ ਅਤੇ ਅੱਤਵਾਦੀ ਉਸੇ ਗੱਡੀ ਵਿੱਚ ਪਠਾਨਕੋਟ ਤੱਕ ਪਹੁੰਚੇ ਸਨ। ਜਿਸ ਤੋਂ ਬਾਦ ਉਹਨਾਂ ਨੇ ਪਠਾਨਕੋਟ ਵਿਖੇ ਹਵਾਈ ਸੈਨਾ ਦੇ ਏਅਰਬੇਸ ਤੇ ਹਮਲੇ ਨੂੰ ਅੰਜਾਮ ਦਿੱਤਾ। ਹਾਲਾਂ ਕਿ ਉਸ ਹਮਲੇ ਦੌਰਾਨ ਸਲਵਿੰਦਰ ਸਿੰਘ ਸ਼ੱਕ ਦੇ ਘੇਰੇ ਵਿੱਚ ਸਨ ਅਤੇ ਏਸੇ ਦੇ ਚੱਲਦਿਆਂ ਦੇਸ਼ ਦੀਆਂ ਸੁਰੱਖਿਆ ਅਜੰਸੀਆਂ ਵੱਲੋਂ ਕਈ ਦਿਣਾਂ ਤੱਕ ਸਲਵਿੰਦਰ ਸਿੰਘ ਕੋਲੋਂ ਪੁੱਛ-ਗਿੱਛ ਕੀਤੀ ਜਾਂਦੀ ਰਹੀ ਸੀ।