ਚੰਡੀਗੜ੍ਹ, 21 ਫਰਵਰੀ 2019 - ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਵੀਰਵਾਰ ਨੂੰ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ੋਰ ਦੇ ਕੇ ਕਿਹਾ ਹੈ ਕੇ ਉਹ ਬਹਿਬਲ ਕਲਾਂ ਤੇ ਕੋਟਕਪੂਰੇ ਦੀਆਂ ਘਟਨਾਵਾਂ ਦੀ ਆੜ ਹੇਠ ਸੂਬੇ ਵਿਚ ਚਲਾਏ ਜਾ ਰਹੇ ਕੋਝੇ ਡਰਾਮੇ ਨੂੰ ਖਤਮ ਕਰਨ ਚੱਲੇ ਹਨ। ਉਨ੍ਹਾਂ ਕਿਹਾ ਕਿ "ਮੈਨੂੰ ਸਿੱਧਾ ਦੱਸਣ ਕਿ ਗ੍ਰਿਫਤਾਰੀ ਦੇਣ ਲਈ ਮੈਂ ਕਿਥੇ, ਕਿਸ ਦਿਨ ਤੇ ਕਿਸ ਟਾਈਮ ਤੇ ਆਵਾਂ ?"
ਓਹਨਾ ਕਿਹਾ ਕਿ ਇਸ ਸਾਰੇ ਤਮਾਸ਼ੇ ਦਾ ਮੰਤਵ ਸਿਰਫ ਤੇ ਸਿਰਫ ਕੈਪਟਨ ਤੇ ਉਸ ਦੀ ਸਿੱਖ ਵਿਰੋਧੀ ਪਾਰਟੀ ਦੇ ਸੀਨੀਅਰ ਆਗੂਆਂ ਅੰਦਰ ਬਦਲਾ ਖੋਰੀ ਦੀ ਭੁੱਖ ਪੂਰਨ ਖਾਤਿਰ ਮੈਨੂੰ ਗ੍ਰਿਫਤਾਰ ਕਰਨਾ ਹੈ I ਤੇ ਇਹ ਸਾਰਾ ਕੁਝ ਕਾਂਗਰਸ ਪਾਰਟੀ ਵੱਲੋਂ ਆਜ਼ਾਦੀ ਤੋਂ ਬਾਅਦ ਅੱਜ ਤਕ ਸ਼੍ਰੋਮਣੀ ਅਕਾਲੀ ਦਲ ਸਮੇਤ ਖਾਲਸਾ ਪੰਥ ਦੀਆਂ ਮਹਾਨ ਸੰਸਥਾਵਾਂ ਨੂੰ ਖਤਮ ਕਰਨ ਲਈ ਰਚੀਆਂ ਜਾਂਦੀਆਂ ਸਾਜ਼ਿਸ਼ਾਂ ਦਾ ਹੀ ਹਿੱਸਾ ਹੈ ਜੋ ਕਦੇ ਕਾਮਯਾਬ ਨਹੀਂ ਹੋਣਗੀਆਂ I
ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਤੇ ਕੋਟ ਕਪੂਰੇ ਦੀਆਂ ਘਟਨਾਵਾਂ ਵਿਚ ਚਲ ਰਹੀ ਜਾਂਚ ਮੁਕੰਮਲ ਹੋਣ ਤੋਂ ਬਹੁਤ ਪਹਿਲਾਂ ਹੀ ਕੈਪਟਨ , ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਓਹਨਾ ਦੀ ਪਾਰਟੀ ਤੇ ਕੈਬਨਿਟ ਦੇ ਸੀਨੀਅਰ ਸਾਥੀ ਮੈਨੂੰ ਦੋਸ਼ੀ ਕਰਾਰ ਦੇ ਚੁੱਕੇ ਹਨ ਤੇ ਦੇ ਰਹੇ ਹਨ I ਓਹਨਾ ਦੇ ਬਿਆਨਾਂ ਤੋਂ ਬਾਅਦ ਇਹ ਜਾਂਚ ਕਿੰਨੀ ਕੁ ਨਿਰਪੱਖ ਤੇ ਮੁੰਨਸਿਫਾਨਾ ਹੋ ਸਕਦੀ ਹੈ , ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ
ਮੁੱਖ ਮੰਤਰੀ ਅਤੇ ਸਰਕਾਰੀ ਵਕੀਲਾਂ ਵੱਲੋਂ ਸਰਦਾਰ ਬਾਦਲ ਦਾ ਨਾਮ ਲੈ ਕੇ ਓਹਨਾ ਨੂੰ ਦੋਸ਼ੀ ਦੱਸਣ ਤੋਂ ਬਾਅਦ ਅੱਜ ਸਰਦਾਰ ਬਾਦਲ ਉਚੇਚੇ ਤੌਰ ਤੇ ਆਪਣੇ ਪਿੰਡ ਬਾਦਲ ਤੋਂ ਚੰਡੀਗੜ੍ਹ ਪਰਤੇ ਤੇ ਓਹਨਾ ਨੇ ਸੂਬੇ ਦੇ ਪੁਲਿਸ ਮੁਖੀ ਸ੍ਰੀ ਦਿਨਕਰ ਗੁਪਤਾ ਨੂੰ ਫੋਨ ਕਰਕੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਬੰਦ ਕਰੇ ਤੇ ਪੁਲਿਸ ਓਹਨਾ ਨੂੰ ਗ੍ਰਿਫਤਾਰ ਕਰ ਲਵੇ i
ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਖਾਲਸਾ ਪੰਥ , ਪੰਜਾਬੀਆਂ ਤੇ ਦੇਸ਼ ਵਾਸੀਆਂ ਸਾਹਮਣੇ ਇੱਕ ਖੁੱਲੀ ਕਿਤਾਬ ਵਾਂਗ ਹੈ I ਸਰਦਾਰ ਬਾਦਲ ਨੇ ਕਿਹਾ ਕਿ "ਜਿਸ ਪਾਰਟੀ ਦੀ ਸਰਕਾਰ ਨੇ ਪਾਵਨ ਸ਼੍ਰੀ ਹਰਮੰਦਰ ਸਾਹਿਬ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ , ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ , ਤੇ ਜੂਨ ਤੇ ਨਵੰਬਰ 1984 ਵਿਚ ਹਜ਼ਾਰਾਂ ਬੇਗੁਨਾਹ ਸਿਖਾਂ ਨੂੰ ਗਲਾਂ ਵਿਚ ਟਾਇਰ ਪਾ ਕੇ ਸ਼ਹੀਦ ਕੀਤਾ , ਉਹ ਕਾਤਿਲ ਟੋਲੇ ਮੇਰੀ ਜੀਵਨ ਦੀ ਖੁੱਲੀ ਕਿਤਾਬ ਦੀ ਦਾਸਤਾਨ ਨੂੰ ਬਦਲ ਨਹੀਂ ਸਕਣਗੇ I " ਬਾਦਲ ਨੇ ਕਿਹਾ ਕੇ ਸਾਰੀ ਉਮਰ ਓਹਨਾ ਨੇ ਖਾਲਸਾ ਪੰਥ , ਕੌਮ, ਪੰਜਾਬ ਤੇ ਦੇਸ਼ ਦੇ ਹਿੱਤਾਂ ਲਈ ਲੜਦਿਆਂ ਹੋਇਆ ਸਿੱਖ ਵਿਰੋਧੀ ਤੇ ਪੰਜਾਬ ਤੇ ਦੇਸ਼ ਦੁਸ਼ਮਣ ਕਾਂਗਰਸ ਪਾਰਟੀ ਦੇ ਜ਼ੁਲਮ , ਜਬਰ ਅਤੇ ਅੰਨੀ ਸਿਆਸੀ ਬਦਲਾਖੋਰੀ ਦਾ ਸਾਹਮਣਾ ਕੀਤਾ ਹੈ I ਲੈਕਨ ਨਾ ਮੈਨੂੰ ਕੋਈ ਡਰਾ ਸਕਿਆ ਸੀ ਤੇ ਨਾ ਹੀ ਅੱਜ ਡਰਾ ਸਕਦਾ ਹੈ I ਕੋਈ ਭੀ ਵਿਅਕਤੀ ਜਾਂ ਸ਼ਕਤੀ ਮੈਨੂੰ ਆਪਣੇ ਅਸੂਲਾਂ ਤੇ ਪਹਿਰਾ ਦੇਣ ਤੋਂ ਅਤੇ ਓਹਨਾ ਅਸੂਲਾਂ ਲਈ ਲੜਨ ਤੋਂ ਰੋਕ ਨਹੀਂ ਸਕੀ ਤੇ ਨਾ ਹੀ ਰੋਕ ਸਕੇਗੀ I
ਬਾਦਲ ਨੇ ਕਿਹਾ ਕਿ ਕੈਪਟਨ ਤੇ ਉਸ ਦੀ ਸਿੱਖ ਵਿਰੋਧੀ ਕਾਂਗਰਸ ਪਾਰਟੀ ਕੇਵਲ ਮੈਨੂੰ ਗ੍ਰਿਫਤਾਰ ਕਰਨ ਦੀ ਆਪਣੀ ਬਦਲਾਖੋਰੀ ਦੀ ਪਿਆਸ ਬੁਝਾਉਣਾ ਚਾਹੁੰਦੀ ਹੈ , ਇਸ ਲਈ ਕੁਲ ਪੰਜਾਬ ਤੇ ਪੰਜਾਬੀਆਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਤੇ ਸਰਕਾਰ ਕੋਈ ਕੰਮ ਨਹੀਂ ਕਰ ਰਹੀ I ਓਹਨਾ ਕਿਹਾ ਸਾਰੇ ਪ੍ਰਸਾਸ਼ਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਸਾਰੇ ਪ੍ਰਸਾਸ਼ਨ ਨੂੰ ਤੰਗ ਪ੍ਰੇਸ਼ਾਨ ਇਸ ਲਈ ਕੀਤਾ ਜਾ ਰਿਹਾ ਤਾਂ ਜੋ ਮੈਨੂੰ ਗ੍ਰਿਫਤਾਰ ਕਰਨ ਲਈ ਸਿਆਸੀ ਫਿਜ਼ਾ ਤਿਆਰ ਕੀਤੀ ਜਾ ਸਕੇ I ਓਹਨਾ ਕਿਹਾ ਕਿ ਪ੍ਰਸਾਸ਼ਨ ਨੂੰ ਖੱਜਲ ਖੁਆਰ ਕਰਨ ਦੀ ਬਜਾਏ ਸਰਕਾਰ ਓਹਨਾ ਨੂੰ ਹੀ ਤੁਰੰਤ ਗ੍ਰਿਫਤਾਰ ਕਰਕੇ ਓਹਨਾ ਪ੍ਰਤੀ ਆਪਣੀ ਕੋਝੀ ਨਫਰਤ ਦੀ ਪਿਆਸ ਨੂੰ ਬੁਝਾ ਲਵੇ I ਮੈਂ ਨਹੀਂ ਚਾਹੁੰਦਾ ਕਿ ਸਿਰਫ ਮੈਨੂੰ ਗ੍ਰਿਫਤਾਰ ਕਰਨ ਦੇ ਮਨਸ਼ੇ ਨਾਲ ਕਿਸੇ ਭੀ ਹੋਰ ਨੂੰ ਬੇਲੋੜੀ ਤੇ ਗੈਰ ਮੁਨਾਸਿਬ ਪ੍ਰੇਸ਼ਾਨੀ ਜਾਂ ਜ਼ਲਾਲਤ ਦਾ ਨਿਸ਼ਾਨਾ ਬਣਾਇਆ ਜਾਵੇ I ਸ. ਬਾਦਲ ਨੇ ਮੁੱਖ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਇਸ ਸਰਕਾਰੀ ਤਮਾਸ਼ੇ ਨੂੰ ਖਤਮ ਕੀਤਾ ਜਾਵੇ ਅਤੇ ਪ੍ਰਸਾਸ਼ਨਕ ਮਸ਼ੀਨਰੀ ਦੀ ਸ਼ਕਤੀ ਬਰਬਾਦ ਕਰਨਾ ਬੰਦ ਕਰਕੇ ਉਸ ਨੂੰ ਕੁਸ਼ਲ-ਪ੍ਰਸਾਸ਼ਨ ਵੱਲ ਲਾਇਆ ਜਾਵੇ।
ਸਰਦਾਰ ਬਾਦਲ ਨੇ ਕਿਹਾ ਕੇ ਸੂਬਾ ਤੇ ਦੇਸ਼ ਇਸ ਵਕਤ ਇੱਕ ਬੇਹੱਦ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੇ ਹਨ
ਅਜਿਹੇ ਵਕਤ ਸਰਕਾਰ ਦਾ ਪੂਰਾ ਧਿਆਨ ਤੇ ਪੂਰੀ ਸ਼ਕਤੀ ਸੂਬੇ ਵਿਚ ਅਮਨ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਅਤੇ ਲੋਕਾਂ ਦੀ ਭਲਾਈ ਵਿਚ ਹੋਣੀ ਚਾਹੀਦੀ ਹੈ I ਪਰ ਬਦਕਿਸਮਤੀ ਨਾਲ ਮੁੱਖ ਮੰਤਰੀ ਤੇ ਉਸ ਦੇ ਸਹਿਯੋਗੀ ਗਹਿਰੀ ਨੀਂਦ ਵਾਲੀ ਅਵਸਥਾ ਵਿਚ ਹਨ ਤੇ ਓਹਨਾ ਨੂੰ ਓਹਨਾ ਖਤਰਿਆਂ ਦਾ ਕੋਈ ਅੰਦਾਜ਼ਾ ਨਹੀਂ ਜੋ ਓਹਨਾ ਵੱਲੋਂ ਪ੍ਰਸ਼ਾਸ਼ਨ ਨਾਲ ਖਿਲਵਾੜ ਕਰਨ ਦੀ ਵਜ੍ਹਾ ਨਾਲ ਪੈਦਾ ਹੋ ਸਕਦੇ ਹਨ I ਇਸੇ ਲਈ ਮੈਂ ਪੇਸ਼ਕਸ਼ ਕਰਦਾ ਹਾਂ ਕਿ ਮੈਨੂੰ ਗ੍ਰਿਫਤਾਰ ਕਰਕੇ ਇਹ ਸਾਰਾ ਡਰਾਮਾ ਬੰਦ ਕੀਤਾ ਜਾਵੇ I
ਵੀਡੀਓ ਦੇਖਣ ਲਈ ਹੇਠ ਲਿੰਕ ਤੇ ਕਲਿਕ ਕਰੋ :-
https://www.facebook.com/BabushahiDotCom/videos/453429035449282/