← ਪਿਛੇ ਪਰਤੋ
ਨਵਾਂ ਸ਼ਹਿਰ 21 ਫਰਵਰੀ 2019: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅੱਜ-ਕੱਲ ਬਿਲਕੁੱਲ ਹੀ ਅਲੱਗ ਤਰ੍ਹਾਂ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਮਾਰਚ ਮਹੀਨੇ ਵਿੱਚ ਹੋਣ ਜਾ ਰਹੀਆ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆ ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਲਈ ਅਧਿਆਪਕ ਪੂਰੀ ਲਗਨ, ਮਿਹਨਤ ਅਤੇ ਤਤਪਰਤਾ ਨਾਲ ਜੁਟੇ ਹੋਏ ਹਨ। ਅਧਿਆਪਕਾਂ ਵਲੋਂ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਸੁਧਾਰ ਲਈ ਨਾ ਸਿਰਫ ਐਕਸਟ੍ਰਾ ਕਲਾਸਾਂ ਲਗਾਈਆ ਜਾ ਰਹੀਆਂ ਹਨ ਸਗੋਂ ਜਮਾਤ ਦੇ ਹਰ ਇੱਕ ਵਿਦਿਆਰਥੀ ਦੇ ਬੌਧਿਕ ਪੱਧਰ ਅਤੇ ਘਰੇਲੂ ਪ੍ਰੀਖਿਆਵਾਂ ਵਿੱਚ ਕਾਰਗੁਜਾਰੀ ਮੁਤਾਬਿਕ ਉਹਨਾਂ ਵੱਲ ਨਿੱਜੀ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਪ੍ਰ੍ਰੀਖਿਆਵਾਂ ਵਿੱਚ ਕਾਰਗੁਜਾਰੀ ਨੂੰ ਬਿਹਤਰ ਬਣਾਉਣ ਲਈ ਵਿਸ਼ੇਸ਼ ਯੋਜਨਾਬੰਦੀ ਕੀਤੀ ਜਾ ਰਹੀ ਹੈ। ਸਕੂਲ ਮੁੱਖੀ ਅਤੇ ਅਧਿਆਪਕ ਨਾ ਸਿਰਫ ਆਪਣੇ ਆਪਣੇ ਵਿਸ਼ਿਆਂ ਦੀ ਪੜ੍ਹਾਈ ਕਰਵਾ ਰਹੇ ਹਨ ਸਗੋਂ ਵਿਦਿਆਰਥੀਆਂ ਵਲੋਂ ਪ੍ਰੀਖਿਆ ਦੀ ਤਿਆਰੀ ਲਈ ਕੀਤੇ ਜਾ ਰਹੇ ਉਪਰਾਲਿਆ ਅਤੇ ਅਪਣਾਈ ਜਾ ਰਹੀ ਰੋਜਾਨਾ ਯੋਜਨਾਬੰਦੀ ਤੇ ਨਜਰ ਰੱਖਣ ਅਤੇ ਪੜ੍ਹਾਈ ਸਬੰਧੀ ਉਹਨਾਂ ਦੀਆ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਵੱਟਸਐਪ ਗਰੁੱਪ ਬਣਾ ਕੇ ਉਹਨਾਂ ਨਾਲ ਨਿਰੰਤਰ ਸੰਪਰਕ ਰੱਖਿਆ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਥੜਾਂ ਦੀ ਪ੍ਰਿੰਸੀਪਲ ਬੰਦਨਾਂ ਪੁਰੀ ਨੇ ਦੱਸਿਆ ਕਿ ਸਕੂਲ ਵਿੱਚ ਉਹਨਾਂ ਅਤੇ ਸਕੂਲ ਦੇ ਸਟਾਫ ਵਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਸਕੂਲ ਲੱਹਣ ਤੋਂ ਪਹਿਲਾਂ ਅਤੇ ਛੁੱਟੀ ਤੋਂ ਬਾਅਦ ਵੀ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਬੋਰਡ ਪ੍ਰੀਖਿਆਵਾਂ ਦਾ ੧੦੦% ਨਤੀਜਾ ਯਕੀਨੀ ਬਣਾਉਣ ਲਈ ਕਮਜੋਰ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਲਈ ਤੜਕਸਾਰ ਉਠੱਣ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਫੌਨ ਰਾਹੀਂ ਉਹਨਾਂ ਨੂੰ ਜਲਦੀ ਸਵੇਰੇ ਉਠਾਇਆ ਵੀ ਜਾਂਦਾ ਹੈ। ਵੱਟਸਐਪ ਗਰੁੱਪਾਂ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਪ੍ਰੀਖਿਆ ਦੀ ਤਿਆਰੀ ਲਈ ਉਹਨਾਂ ਦਾ ਸਹਿਯੋਗ ਵੀ ਲਿਆ ਜਾ ਸਕੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੜਾਪੜ (ਕੰ) ਦੀ ਪ੍ਰਿੰਸੀਪਲ ਪਰਮਜੀਤ ਕੌਰ ਨੇ ਵੀ ਕੁਝ ਅਜਿਹੇ ਹੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹਨਾਂ ਦੇ ਸਕੂਲ ਦੇ ਸਮੂਹ ਸਟਾਫ ਵਿੱਚ ਆਪਣੇ ਆਪਣੇ ਵਿਸ਼ੇ ਦੇ ੧੦੦% ਨਤੀਜੇ ਨੂੰ ਯਕੀਨੀ ਬਣਾਉਣ ਲਈ ਇੱਕ ਲਗਨ ਲੱਗੀ ਹੋਈ ਹੈ। ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਵੀ ਇਸ ਮੁਹਿੰਮ ਨੂੰ ਸਾਰਥਕ ਹੁੰਗਾਰਾ ਮਿਲ ਰਿਹਾ ਹੈ। ਅੰਗਰੇਜ਼ੀ ਵਿਸ਼ੇ ਦੇ ਬਲਾਕ ਮੈਂਟਰ ਸੁਰਜੀਤ ਸਿੰਘ ਨੇ ਇਸ ਸਬੰਧ ਵਿੱਚ ਆਪਣੇ ਵਿੱਚਾਰ ਸਾਂਝੇ ਕਰਦਿਆ ਦੱਸਿਆ ਕਿ ਬੰਗਾ ਬਲਾਕ ਦੇ ਸਕੂਲ ਅਧਿਆਪਕਾਂ ਵਿੱਚ ਨਤੀਜਿਆਂ ਵਿੱਚ ਸੁਧਾਰ ਲਈ ਪੂਰਾ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਅਧਿਆਪਕਾ ਵਲੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਬਣਾਏ ਗਏ ਵੱਟਸਐਪ ਗਰੁੱਪ ਬਹੁਤ ਲਾਹੇਵੰਦ ਸਾਬਿਤ ਹੋ ਰਹੇ ਹਨ। ਇਸ ਨਾਲ ਨਾ ਸਿਰਫ ਵਿਦਿਆਰਥੀਆਂ ਨੂੰ ਪੜ੍ਹਾਈ ਸਬੰਧੀ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਸਹਾਇਤਾ ਮਿਲ ਰਹੀ ਹੈ ਸਗੋਂ ਪ੍ਰੀਖਿਆ ਦੇ ਦਿਨਾ ਵਿੱਚ ਤਨਾਵਮੁਕਤ ਰੱਖਣ ਵਿੱਚ ਵੀ ਅਧਿਆਪਕ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਲਗਾਤਾਰ ਸੰਪਰਕ ਵਿੱਚ ਰਹਿ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਅਧਿਆਪਕਾ ਵਲੋਂ ਮਾਪਿਆਂ ਨੂੰ ਵਿਦਿਆਰਥੀਆਂ ਦੀ ਸਿਹਤ ਅਤੇ ਪ੍ਰੀਖਿਆ ਦੀ ਤਿਆਰੀ ਵੱਲ ਵਿਸ਼ੇਸ਼ ਧਿਆਨ ਦੇਣ ਲਈ ਵੀ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸਾਇੰਸ ਵਿਸ਼ੇ ਦੇ ਡੀ.ਐਮ. ਹਰੀ ਕ੍ਰਿਸ਼ਨ, ਗਣਿਤ ਦੇ ਡੀ.ਐਮ. ਜਤਿੰਦਰ ਕੁਮਾਰ. ਅੰਗਰੇਜੀ ਅਤੇ ਸਮਾਜਿਕ ਸਿੱਖਿਆ ਦੇ ਡੀ.ਐਮ. ਵਰਿੰਦਰ ਸਿੰਘ ਬੰਗਾ ਅਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ਼ ਸੁਰਿੰਦਰ ਪਾਲ ਅਗਨੀਹੋਤਰੀ ਨੇ ਦੱਸਿਆ ਕਿ ਉਹਨਾਂ ਵਲੋਂ ਸਕੂਲਾਂ ਵਿੱਚ ਕੀਤੀ ਜਾ ਰਹੀ ਮੌਨੀਟਰਿੰਗ ਵਿੱਚ ਇਹ ਪੱਖ ਸਾਹਮਣੇ ਆ ਰਿਹਾ ਹੈ ਕਿ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਸੁਧਾਰ ਲਈ ਆਰੰਭ ਕੀਤੀ ਗਈ ਮੁਹਿੰਮ ਤਹਿਤ ਸਿੱਖਿਆ ਵਿਭਾਗ ਵਲੋਂ ਕੀਤੀ ਗਈ ਵਿਉਂਤਬੰਦੀ ਅਤੇ ਅਧਿਆਪਕਾਂ ਵਲੋਂ ਸਕੂਲ ਪੱਧਰ ਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਹਿੱਤ ਵਿਖਾਈ ਜਾ ਰਹੀ ਲਗਨ ਅਤੇ ਤਤਪਰਤਾ ਦੇ ਸਾਰਥਕ ਨਤੀਜੇ ਮਿਲ ਰਹੇ ਹਨ। ਜਨਵਰੀ ਮਹੀਨੇ ਵਿੱਚ ਕਮਜੋਰ ਵਿਦਿਆਰਥੀਆਂ ਦੀ ਲਈ ਗਈ ਵਿਸ਼ੇਸ਼ ਪ੍ਰੀਖਿਆ ਦੇ ਆਏ ਨਤੀਜਿਆਂ ਵਿੱਚ ਵਿਦਿਆਰਥੀਆਂ ਦੀ ਕਾਰਗੁਜਾਰੀ ਵਿੱਚ ਕਾਫੀ ਸੁਧਾਰ ਹੋਇਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਹਰਚਰਨ ਸਿੰਘ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਨਤੀਜਾ ਸੁਧਾਰ ਮੁਹਿੰਮ ਨੂੰ ਸਫਲ ਬਣਾਉਣ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਦੀ ਸ਼ਲਾਂਘਾ ਕਰਦਿਆ ਉਹਨਾਂ ਨੂੰ ਇਹਨਾਂ ਯਤਨਾਂ ਨੂੰ ਹੋਰ ਸੰਜੀਦਾ ਢੰਗ ਨਾਲ ਅਮਲੀ ਜਾਮਾ ਪਹਿਨਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਬੋਰਡ ਪ੍ਰੀਖਿਆਵਾਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕਾਰਗੁਜਾਰੀ ਨੂੰ ਸਹੀ ਅਰਥਾਂ ਵਿੱਚ ਬਿਹਤਰ ਬਣਾਉਣ ਵਿੱਚ ਸਫਲਤਾ ਹਾਸਿਲ ਕੀਤੀ ਜਾ ਸਕੇ।
Total Responses : 254