ਨਵਾਂ ਸ਼ਹਿਰ, 21 ਫ਼ਰਵਰੀ 2019: ਸਾਲ 2004 ਬੈਚ ਦੀ ਪੀ ਸੀ ਐਸ ਅਧਿਕਾਰੀ ਅਨੁਪਮ ਕਲੇਰ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ (ਜ) ਅਮਿ੍ਰਤ ਸਿੰਘ ਦਾ ਤਬਾਦਲਾ ਹੁਸ਼ਿਆਰਪੁਰ ਵਿਖੇ ਬਤੌਰ ਏ ਡੀ ਸੀ (ਵਿਕਾਸ) ਹੋ ਜਾਣ ਬਾਅਦ ਉਨ੍ਹਾਂ ਦੀ ਥਾਂਵੇਂ ਇੱਥੇ ਅਹੁਦਾ ਸੰਭਾਲਿਆ ਹੈ। ਉਹ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਿਖੇ ਏ ਡੀ ਸੀ (ਜ) ਵਜੋਂ ਸੇਵਾ ਨਿਭਾਅ ਰਹੇ ਸਨ।
ਆਪਣਾ ਅਹੁਦਾ ਸੰਭਾਲਣ ਬਾਅਦ ਉਨ੍ਹਾਂ ਆਖਿਆ ਕਿ ਉਹ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀ ਅਗਵਾਈ ’ਚ ਆਮ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਵਚਨਬੱਧ ਰਹਿਣਗੇ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਜ਼ਿਲ੍ਹੇ ਦੀ ਸਬ ਡਵੀਜ਼ਨ ਬਲਾਚੌਰ ’ਚ ਕੁੱਝ ਸਾਲ ਪਹਿਲਾਂ ਬਤੌਰ ਉੱਪ ਮੰਡਲ ਮੈਜਿਸਟ੍ਰੇਟ ਸੇਵਾਵਾਂ ਨਿਭਾਉਣ ਬਾਅਦ ਹੁਣ ਉਨ੍ਹਾਂ ਦੁਬਾਰਾ ਇਸੇ ਜ਼ਿਲ੍ਹੇ ’ਚ ਬਤੌਰ ਵਧੀਕ ਡਿਪਟੀ ਕਮਿਸ਼ਨਰ ਸੇਵਾਵਾਂ ਦੇਣ ਦਾ ਮੌਕਾ ਮਿਲਿਆ ਹੈ।
ਇਸੇ ਤਰ੍ਹਾਂ 2014 ਬੈਚ ਦੇ ਪੀ ਸੀ ਐਸ ਅਧਿਕਾਰੀ ਸ਼ਿਵ ਕੁਮਾਰ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਬਤੌਰ ਸਹਾਇਕ ਕਮਿਸ਼ਨਰ (ਜ) ਅਹੁਦਾ ਸੰਭਾਲਿਆ ਹੈ। ਉਨ੍ਹਾਂ ਤਰਸੇਮ ਚੰਦ ਪੀ ਸੀ ਐਸ ਜਿਨ੍ਹਾਂ ਦਾ ਤਬਾਦਲਾ ਵਿੱਤ ਵਿਭਾਗ ਪੰਜਾਬ ’ਚ ਬਤੌਰ ਉੱਪ ਸਕੱਤਰ ਹੋ ਗਿਆ ਹੈ, ਦੀ ਥਾਂ ਲਈ ਹੈ। ਸ੍ਰੀ ਸ਼ਿਵ ਕੁਮਾਰ ਇਸ ਤੋਂ ਪਹਿਲਾਂ ਐਸ ਡੀ ਐਮ ਰਾਜਪੁਰਾ ਵਿਖੇ ਸੇਵਾਵਾਂ ਨਿਭਾਅ ਰਹੇ ਸਨ। ਇਸ ਤੋਂ ਇਲਾਵਾ ਉਹ ਐਸ ਡੀ ਐਮ ਤਪਾ, ਐਸ ਡੀ ਐਮ ਡੇਰਾਬਸੀ ਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਲੁਧਿਆਣਾ ਰੀਜਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਬਤੌਰ ਤਹਿਸੀਲਦਾਰ ਤੇ ਜ਼ਿਲ੍ਹਾ ਮਾਲ ਅਫ਼ਸਰ ਵੀ ਸੇਵਾਵਾਂ ਦੇ ਚੁੱਕੇ ਸ੍ਰੀ ਸ਼ਿਵ ਕੁਮਾਰ ਨੇ ਦੁਬਾਰਾ ਫ਼ਿਰ ਜ਼ਿਲ੍ਹੇ ’ਚ ਸੇਵਾ ਕਰਨ ਦਾ ਮੌਕਾ ਮਿਲਣ ’ਤੇ ਖੁਸ਼ੀ ਪ੍ਰਗਟਾਈ।