ਚੰਡੀਗੜ੍ਹ, 22 ਫਰਵਰੀ 2019 - ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋਂ ਮੰਗਾਂ ਦੀ ਪੂਰਤੀ ਲਈ ਵਿੱਢੀ ਹੜਤਾਲ 27 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਬੀਤੇ ਵੀਰਵਾਰ ਨੂੰ ਪੰਜਾਬ ਭਵਨ, ਚੰਡੀਗੜ੍ਹ ਵਿਖੇ ਕਮੇਟੀ ਆਫ ਮਨਿਸਟਰਜ਼ ਨਾਲ ਪੀ.ਐਸ.ਐਮ.ਐਸ.ਯੂ. ਦੀ ਮੀਟਿੰਗ ਹੋਈ । ਸਰਕਾਰ ਵੱਲੋਂ ਬਣਾਈ ਗਈ ਇਸ ਕਮੇਟੀ ਵਿੱਚ ਸ਼੍ਰੀ ਬ੍ਰਹਮ ਮਹਿੰਦਰਾ ਸਿਹਤ ਮੰਤਰੀ, ਸ਼੍ਰੀ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਅਤੇ ਸ਼੍ਰੀ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਮੰਤਰੀ ਵੱਲੋਂ ਜੱਥੇਬੰਦੀ ਦੇ ਆਗੂ ਵੀ ਮੌਜੂਦ ਸਨ।
ਇਸ ਕਮੇਟੀ ਵੱਲੋਂ ਸਰਕਾਰ ਦੀ ਤਰਫੋਂ ਇਹ ਭਰੋਸਾ ਦਿੱਤਾ ਗਿਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ। ਇਸ ਸਮੇਂ ਪੰਜਾਬ ਵਿਧਾਨ ਸਭਾ ਵਿੱਚ ਬੱਜਟ ਸੈਸ਼ਨ ਚੱਲ ਰਿਹਾ ਹੈ, ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਸਹਿਬਾਨ ਬੱਜਟ ਸੈਸ਼ਨ ਵਿੱਚ ਮਸ਼ਰੂਫ ਹਨ ਅਤੇ ਸਰਕਾਰ ਬੱਜਟ ਸੈਸ਼ਨ ਖਤਮ ਹੁੰਦਿਆਂ ਹੀ ਮਿਤੀ 27-02-2019 ਤੱਕ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਹਾਂ ਪੱਖੀ ਫੈਸਲਾ ਲਵੇਗੀ। ਇਸ ਸਬੰਧੀ ਸਰਕਾਰ ਵੱਲੋਂ ਇਸ ਮੀਟਿੰਗ ਦੀ ਪ੍ਰੋਸੀਡਿੰਗ ਜਾਰੀ ਕਰਦਿਆਂ ਇਹ ਵੀ ਅਪੀਲ ਕੀਤੀ ਗਈ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਲਈ ਪੂਰੀ ਤਰ੍ਹਾਂ ਸੰਜੀਦਾ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਜੀ ਵੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਸਬੰਧੀ ਪੰਜਾਬ ਵਿਧਾਨ ਸਭਾ ਵਿੱਚ ਆਪਣੀਆਂ ਭਾਵਨਾਵਾਂ ਜ਼ਾਹਿਰ ਕਰ ਚੁੱਕੇ ਹਨ।
ਸਰਕਾਰ ਨੇ ਇਹ ਵੀ ਅਪੀਲ ਕੀਤੀ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਹੜਤਾਲ ਵਾਪਸ ਲਈ ਜਾਵੇ। ਇਸ ਲਈ ਜਥੇਬੰਦੀ ਦੀ ਹਾਈ ਪਾਵਰ ਕਮੇਟੀ ਵੱਲੋਂ ਸਰਕਾਰ ਦੀ ਅਪੀਲ ਨੂੰ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਿਚਾਰਦਿਆਂ ਫਰਾਖਦਿਲੀ ਦਿਖਾਉਦਿਆਂ ਮੌਜੂਦਾ ਹੜਤਾਲ ਮਿਤੀ 27-02-2019 ਤੱਕ ਮੁਲਤਵੀ ਕੀਤੀ ਗਈ ਹੈ। ਮੁਲਾਜ਼ਮ ਆਗੂਆਂ ਵੱਲੋਂ ਸਰਕਾਰ ਨੂੰ ਸਪਸ਼ਟ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਗਿਆ ਕਿ ਜੇਕਰ 27 ਫਰਵਰੀ ਤੱਕ ਉਹਨਾਂ ਵੱਲੋਂ ਦਿੱਤੇ ਭਰੋਸੇ ਮੁਤਾਬਿਕ ਮੰਗਾਂ ਦੀ ਪੂਰਤੀ ਨਹੀਂ ਕਰਦੀ ਤਾਂ ਮੁਲਤਵੀ ਕੀਤਾ ਸੰਘਰਸ਼ 28 ਫਰਵਰੀ ਤੋਂ ਮੁੜ ਬਹਾਲ ਕਰ ਦਿੱਤਾ ਜਾਵੇਗਾ । ਜਿਸ ਅਨੁਸਾਰ 28 ਫਰਵਰੀ ਤੋਂ ਪੰਜਾਬ ਸਿਵਲ ਸਕੱਤਰੇਤ ਤੋਂ ਲੈ ਕੇ ਪੰਜਾਬ ਰਾਜ ਦੇ ਸਮੂਹ ਡਾਇਰੈਕਟੋਰੇਟਜ਼ ਅਤੇ ਜਿਲ੍ਹਾ ਹੈਡ ਕੁਆਟਰ/ਤਹਿਸੀਲ/ਬਲਾਕ ਪੱਧਰ ਤੇ ਕਲਮ ਛੋੜ ਹੜਤਾਲ ਕਰਕੇ ਸਰਕਾਰੀ ਮਸ਼ੀਨਰੀ ਜ਼ਾਮ ਕਰ ਦਿੱਤੀ ਜਾਵੇਗੀ ।
ਇਸ ਤੋਂ ਇਲਾਵਾ ਸਾਂਝਾ ਮੁਲਾਜ਼ਮ ਮੰਚ ਦੇ ਆਗੂ ਸ਼੍ਰੀ ਸੁਖਚੈਨ ਸਿੰਘ ਖਹਿਰਾ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਨਾਲ ਕੋਈ ਵੀ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੰਚ ਨਾਲ ਜੁੜੀਆਂ ਸਾਰੀਆਂ ਜਥੇਬੰਦੀਆਂ ਤੋਂ ਇਲਾਵਾ ਸਮੂਹ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਇਸ ਸੰਘਰਸ਼ ਵਿੱਚ ਸ਼ਾਮਿਲ ਹੋ ਕੇ ਸਰਕਾਰ ਨੂੰ ਆਉਦੀਆਂ ਲੋਕ ਸਭਾ ਚੋਣਾਂ ਵਿੱਚ ਸਬਕ ਸਿਖਾਉਣਗੀਆਂ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਤਰਫੋਂ ਸ਼੍ਰੀ ਕਰਨ ਅਵਤਾਰ ਸਿੰਘ ਮੁੱਖ ਸਕੱਤਰ ਦੇ ਨਾਲ ਹੋਰਨਾਂ ਵਿਭਾਗਾਂ ਦੇ ਕੁੱਝ ਅਧਿਕਾਰੀ ਅਤੇ ਜੱਥੇਬੰਦੀ ਦੇ ਹਾਈ ਪਾਵਰ ਕਮੇਟੀ ਮੈਂਬਰ ਸੁਖਵਿੰਦਰ ਸਿੰਘ, ਗੁਰਨਾਮ ਸਿੰਘ ਵਿਰਕ, ਗੁਰਮੀਤ ਸਿੰਘ ਵਾਲੀਆ, ਅਮਰੀਕ ਸਿੰਘ ਸੰਧੂ, ਖੁਸ਼ਪਿੰਦਰ ਕਪਿਲਾ, ਰਘਵੀਰ ਸਿੰਘ ਬਡਵਾਲ, ਮਨਜਿੰਦਰ ਸਿੰਘ ਸੰਧੂ, ਗੁਰਚਰਨ ਸਿੰਘ ਧੁੱਗਾ, ਪਵਨਜੀਤ ਸਿੰਘ ਸਿੱਧੂ ਅਤੇ ਹੋਰ ਵੀ ਆਗੂ ਸ਼ਾਮਿਲ ਸਨ।