← ਪਿਛੇ ਪਰਤੋ
ਫ਼ਿਰੋਜ਼ਪੁਰ 22 ਫਰਵਰੀ 2019 - ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ (ਮੈਗਸਿਪਾ) ਪੰਜਾਬ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ ਦੇ ਸਹਿਯੋਗ ਨਾਲ ਪੁਲਿਸ ਲਾਈਨ ਫ਼ਿਰੋਜਪੁਰ ਵਿਖੇ ਪੁਲਿਸ ਕਰਮਚਾਰੀਆਂ ਲਈ ਨਸ਼ਾਖੋਰੀ ਦੀ ਰੋਕਥਾਮ (ਡਰੱਗ ਅਬਯੂਸ ਪ੍ਰੀਵੇਨਸ਼ਨ ਪ੍ਰੋਗਰਾਮ) ਸਬੰਧੀ ਇੱਕ ਰੋਜ਼ਾ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੁਲਿਸ ਵਿਭਾਗ ਦੇ ਵੱਖ ਵੱਖ ਅਹੁਦਿਆਂ ਦੇ ਲਗਭਗ 50 ਅਧਿਕਾਰੀ/ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਡਾ: ਹਰੀਸ਼ ਸ਼ਰਮਾ ਐਚ.ਓ.ਡੀ ਮਨੋਵਿਗਿਆਨਕ ਵੱਲੋਂ ਮਨੁੱਖੀ ਜੀਵਨ ਉੱਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਡਾ: ਰਚਨਾ ਮਿੱਤਲ ਇੰਚਾਰਜ ਡਰੱਗ ਅਬਯੂਸ ਨੇ ਨਸ਼ਿਆਂ ਦੇ ਆਦੀ ਵਿਅਕਤੀਆਂ ਦੇ ਇਲਾਜ ਅਤੇ ਨਸ਼ਾ ਛੜਾਊ ਕੇਂਦਰਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਵਿਚ ਫਸੇ ਲੋਕਾਂ ਦੇ ਇਲਾਜ ਲਈ ਨਸ਼ਾ ਛੜਾਊ ਕੇਂਦਰਾਂ ਵਿਖੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਭੁਪਿੰਦਰ ਸਿੰਘ ਜ਼ਿਲ੍ਹਾ ਅਟਾਰਨੀ ਵੱਲੋਂ ਕਾਨੂੰਨੀ ਤੋਰ ਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ । ਇਸ ਮੌਕੇ ਸ੍ਰ; ਜਰਨੈਲ ਸਿੰਘ ਰਿਜਨਲ ਪ੍ਰਾਜੈਕਟ ਡਾਇਰੈਕਟਰ ਮੈਗਸਿਪਾ ਬਠਿੰਡਾ ਨੇ ਦੱਸਿਆ ਕਿ ਨਸ਼ਾ ਅੱਜ ਦੇ ਸਮਾਜ ਵਿਚ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣ ਚੁੱਕਿਆ ਹੈ, ਸਾਨੂੰ ਪ੍ਰਸ਼ਾਸਨ ਅਤੇ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਰੋਕਣ ਅਤੇ ਨਸ਼ਿਆਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਹਰ ਤਰ੍ਹਾਂ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਸਪੈਸ਼ਲ ਚੀਫ਼ ਸਕੱਤਰ ਭਾਰਤ ਸਰਕਾਰ ਤੇ ਡਾਇਰੈਕਟਰ ਜਨਰਲ ਮੈਗਸਿਪਾ ਸ੍ਰ: ਕਰਨਬੀਰ ਸਿੰਧ ਸਿੱਧੂ, ਡਾਇਰੈਕਟਰ ਮੈਗਸਿਪਾ ਸ਼੍ਰੀਮਤੀ ਜਸਪੀ੍ਰਤ ਤਲਵਾਰ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੈਗਸਿਪਾ ਵੱਲੋਂ ਇਸ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸ ਉਪਰੰਤ ਉਨ੍ਹਾਂ ਵੱਲੋਂ ਸਮੂਹ ਹਾਜ਼ਰੀਨ ਅਤੇ ਪੁਲਿਸ ਵਿਭਾਗ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਮਾਜ ਵਿਚ ਨਸ਼ਾ ਰੋਕਣ ਲਈ ਵੱਧ ਤੋਂ ਵੱਧ ਆਪਣਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਇਸ ਤੋਂ ਪਹਿਲਾਂ ਮਨਦੀਪ ਸਿੰਘ ਕੁਆਰਡੀਨੇਟਰ ਮੈਗਸਿਪਾ ਬਠਿੰਡਾ ਵੱਲੋਂ ਇਸ ਨਸ਼ਾ ਵਿਰੋਧੀ ਪ੍ਰੋਗਰਾਮ ਦੇ ਮੁੱਖ ਮਕਸਦ ਅਤੇ ਮੈਗਸਿਪਾ ਦੇ ਪ੍ਰੋਗਰਾਮਾਂ ਸਬੰਧੀ ਜਾਣੂ ਵੀ ਕਰਵਾਇਆ ਗਿਆ।
Total Responses : 942