ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 22 ਫਰਵਰੀ 2019 - ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਬੀਤੇ ਦਿਨੀਂ ਸਦਨ ਅੰਦਰ ਬਿਕਰਮ ਮਜੀਠੀਆ ਅਤੇ ਕਾਂਗਰਸ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਵਿਚਕਾਰ ਜ਼ੋਰਦਾਰ ਤਲਖਬਾਜ਼ੀ ਹੋਈ ਸੀ। ਜਿਸ ਤੋਂ ਬਾਅਦ ਸਿੱਧੂ ਇਕੱਲੇ ਹੀ ਅਕਾਲੀਆਂ ਖਿਲਾਫ ਦਹਾੜਦੇ ਨਜ਼ਰ ਆਏ। ਪਰ ਅੱਜ ਕਾਂਗਰਸ ਵੱਲੋਂ ਵੀ ਅਕਾਲੀਆਂ ਨੂੰ ਭਾਜੀ ਮੋੜਨ ਦੀ ਤਿਆਰੀ ਕਰ ਉਨ੍ਹਾਂ ਦੇ ਪਾਕਿਸਤਾਨੀਆਂ ਨਾਲ ਬਿਤਾਏ ਪਲਾਂ ਦੀਆਂ ਕੁਝ ਅਜਿਹੀਆਂ ਤਸਵੀਰਾਂ ਮੀਡੀਆ ਸਾਹਮਣੇ ਪੇਸ਼ ਕੀਤੀਆਂ ਜਿੰਨ੍ਹਾਂ ਤੋਂ ਬਾਅਦ ਅਕਾਲੀਦਲ ਦਾ ਸਿੱਧੂ ਖਿਲਾਫ ਪਾਇਆ ਰੌਲਾ ਬਿਲਕੁਲ ਠੰਢਾ ਪੈਣ ਦੀ ਉਮੀਦ ਹੈ।
ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਦੀਆਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਤਸਵੀਰਾਂ ਦਿਖਾਈਆਂ ਅਤੇ ਹੋਰਨਾਂ ਨਾਲ ਗੋਲ-ਗੱਪੇ ਖਾ ਚਟਕਾਰੇ ਲੈਂਦਿਆਂ ਦੀਆਂ ਤਸਵੀਰਾਂ ਦਿਖਾ ਕੇ ਪ੍ਰਦਰਸ਼ਨ ਕੀਤਾ। ਤਸਵੀਰਾਂ ਵਿਖਾਉਂਦੇ ਹੋਏ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਅਕਾਲੀ ਦਲ ਜੋ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੀ ਜੱਫੀ ਦੀ ਖ਼ਿਲਾਫ਼ਤ ਕਰ ਰਹੀ ਹੈ ਆਪਣੀਆਂ ਫ਼ੋਟੋਆਂ 'ਤੇ ਜਵਾਬ ਦੇਵੇ।
ਕਾਂਗਰਸ ਨੇ ਆਪਣੀ ਸਿਆਣਪ ਦਿਖਾਉਂਦਿਆਂ ਇੰਨਾਂ ਤਸਵੀਰਾਂ ਨੂੰ ਸਿਰਫ ਵਿਧਾਨ ਸਭਾ ਦੇ ਬਾਹਰ ਤੱਕ ਹੀ ਸੀਮਤ ਰੱਖਿਆ। ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਨੇ ਕਿਹਾ ਕਿ ਅਸੈਂਬਲੀ ਵਿੱਚ ਇਹ ਮੁੱਦਾ ਨਹੀਂ ਚੁੱਕਿਆ ਜਾਵੇਗਾ। ਬਜਟ ਪੇਸ਼ ਕਰਨ ਵਾਲੇ ਦਿਨ ਬਿਕਰਮ ਮਜੀਠੀਆ ਤੇ ੳੇੁਨ੍ਹਾਂ ਦੀ ਟੀਮ ਨੇ ਨਵਜੋਤ ਸਿੱਧੂ ਨੂੰ ਉਨ੍ਹਾਂ ਦੀ ਜਨਰਲ ਬਾਜਵਾ ਤੇ ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨਾਲ ਤਸਵੀਰਾਂ ਦਿਖਾਉਂਦਿਆਂ ਜ਼ੋਰਦਾਰ ਹੰਗਾਮਾ ਕੀਤਾ ਸੀ। ਪਰ ਕਾਂਗਰਸ ਵੱਲੋਂ ਸੁਖਜਿੰਦਰ ਰੰਧਾਵਾ ਤੇ ਇੰਦਰਬੀਰ ਸਿੰਘ ਬੁਲਾਰੀਆ ਤੋਂ ਬਿਨਾ ਕਿਸੇ ਕਾਂਗਰਸੀ ਵਿਧਾਇਕ ਨੇ ਵੀ ਸਿੱਧੂ ਦਾ ਪੱਖ ਨਹੀਂ ਸੀ ਪੂਰਿਆ। ਜਦਕਿ ਅੱਜ ਉਸ ਹੰਗਾਮੇ ਤੋਂ ਕਿੰਨੇ ਦਿਨਾਂ ਬਾਅਦ ਕਾਂਗਰਸ ਨੇ ਅਕਾਲੀਆਂ ਨੂੰ ਭਾਜੀ ਮੋੜਨ ਦੀ ਸੋਚੀ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਧੂ ਨੂੰ ਪਾਕਿਸਤਾਨੀਆਂ ਨਾਲ ਤਸਵੀਰਾਂ ਲਹਾਉਣ ਦਾ ਵਿਰੋਧ ਕਰਨ ਵਾਲੇ ਅਕਾਲੀ ਖੁਦ ਦੀਆਂ ਗੋਲ ਗੱਪੇ ਖਾਂਦਿਆਂ ਦੀਆਂ ਤਸਵੀਰਾਂ ਦੇਖ ਕੀ ਰੀਐਕਸ਼ਨ ਦਿੰਦੇ ਨੇ।