ਔਕਲੈਂਡ 22 ਫਰਵਰੀ 2019 (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ ਜਨਸੰਖਿਆ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਦੇਸ਼ ਦੀ ਕੁਲ ਆਬਾਦੀ 49 ਲੱਖ 41 ਹਜ਼ਾਰ (ਲਗਪਗ ਲੁਧਿਆਣਾ ਦੇ ਬਰਾਬਰ) ਦੇ ਕਰੀਬ ਹੈ। ਔਸਤਨ ਹਰ 5 ਮਿੰਟ 13 ਸੈਕਿੰਡ ਦੇ ਵਿਚ ਇਕ ਵਿਅਕਤੀ ਦਾ ਦੇਸ਼ ਵਿਚ ਵਾਧਾ ਹੋ ਰਿਹਾ ਹੈ ਜਦ ਕਿ ਔਸਤਨ 8 ਮਿੰਟ ਦੇ 43 ਸੈਕਿੰਡ ਦੇ ਵਿਚ ਇਕ ਨਵਾਂ ਬੱਚਾ ਪੈਦਾ ਹੋ ਰਿਹਾ ਹੈ। 17 ਮਿੰਟ 19 ਸੈਕਿੰਡ ਦੇ ਵਿਚ ਇਕ ਵਿਅਕਤੀ ਆਪਣੀ ਦੀ ਮੌਤ ਹੋ ਰਹੀ ਹੈ। ਨਿਊਜ਼ੀਲੈਂਡ ਨੂੰ 12 ਮੰਡਲਾ ਵਿਚ ਵੰਡਿਆ ਹੋਇਆ ਹੈ ਜਿਸ ਅਨੁਸਾਰ 9 ਨਾਰਥ ਆਈਲੈਂਡ ਵਿਚ ਹਨ ਅਤੇ 3 ਸਾਊਥ ਆਈਲੈਂਡ ਵਿਚ। ਲਗਪਗ 330 ਦੇ ਕਰੀਬ ਪੁਲਿਸ ਸਟੇਸ਼ਨ ਦੇਸ਼ ਦੀ ਪੂਰੀ ਆਬਾਦੀ ਦਾ ਖਿਆਲ ਰੱਖਦੇ ਹਨ। ਹਰ ਸਾਲ 6 ਲੱਖ ਤੋਂ ਵੱਧ ਐਮਰਜੈਂਸੀ ਕਾਲਾਂ 'ਤੇ ਪੁਲਿਸ ਹਾਜ਼ਿਰ ਹੁੰਦੀ ਹੈ। ਅੱਜ ਦੇਸ਼ ਦੇ ਪੁਲਿਸ ਮੰਤਰੀ ਸ੍ਰੀ ਸਟੂਅਰਟ ਨਾਸ਼ ਨੇ ਇਕ ਮੀਡੀਆ ਰਿਲੀਜ ਵਿਚ ਖੁਸ਼ੀ ਪ੍ਰਗਟ ਕੀਤੀ ਕਿ ਇਸ ਵੇਲੇ ਦੇਸ਼ ਦੇ ਵਿਚ ਪੁਲਿਸ ਅਫਸਰਾਂ ਦੀ ਗਿਣਤੀ ਰਿਕਾਰਡ ਨੰਬਰ ਉਤੇ ਪਹੁੰਚੀ ਹੈ ਜੋ ਕਿ 13,000 ਤੋਂ ਵਧ ਹੈ। ਫਰੰਟਲਾਈਨ ਅਫਸਰ 9434 ਜਦ ਕਿ ਦਫਤਰੀ ਅਮਲਾ 3421 ਦਾ ਹੈ। ਪਿਛਲੇ ਵਿੱਤੀ ਸਾਲ ਦੇ ਵਿਚ 595 ਨਵੇਂ ਪੁਲਿਸ ਅਫਸਰ ਸ਼ਾਮਿਲ ਕੀਤੇ ਗਏ ਹਨ ਅਤੇ ਸਰਕਾਰ ਜਲਦੀ ਹੀ 1800 ਦਾ ਨਿਰਧਾਰਤ ਅੰਕੜਾ ਪੂਰਾ ਕਰੇਗੀ। ਪੁਲਿਸ ਮੰਤਰੀ ਨੇ ਪੁਲਿਸ ਵਿਭਾਗ ਦੇ ਵਿਚ ਬਿਨਾਂ ਵਰਦੀ ਕੰਮ ਕਰਦੇ ਅਮਲੇ ਅਤੇ ਹੋਰ ਸਹਿਯੋਗ ਅਮਲੇ ਦਾ ਵੀ ਧੰਨਵਾਦ ਕੀਤਾ ਹੈ ਜੋ ਸਮੁੱਚੇ ਦੇਸ਼ ਨੂੰ ਸੁਰੱਖਿਅਤ ਬਣਾਈ ਰੱਖਣ ਵਿਚ ਆਪਣਾ ਯੋਗਦਾਨ ਦੇ ਰਹੇ ਹਨ। ਨਵੇਂ ਭਰਤੀ ਹੋਣ ਵਾਲੇ ਪੁਲਿਸ ਅਫਸਰਾਂ ਦੀ ਤਨਖਾਹ 43, 747 ਡਾਲਰ ਸਲਾਨਾ ਤੋਂ ਸ਼ੁਰੂ ਹੁੰਦੀ ਹੈ ਅਤੇ ਫਿਰ ਇਹ 55 ਤੋਂ 60 ਹਜ਼ਾਰ ਡਾਲਰ ਤੱਕ ਜਾਂਦੀ ਹੈ। ਨਵੀਂ ਭਰਤੀ ਦੇ ਸ਼ੁਰੂ ਹੋ ਰਹੇ ਗਰੁੱਪ ਵਿਚ 43% ਮਹਿਲਾਵਾਂ, 19% ਮਾਓਰੀ, 6% ਪੈਸੇਫਿਕ ਅਤੇ 8% ਏਸ਼ੀਅਨ ਲੋਕ ਹਨ। ਸਭ ਤੋਂ ਛੋਟੀ ਉਮਰ ਦਾ 19 ਸਾਲ ਦਾ ਅਤੇ ਵੱਡੀ ਉਮਰ ਦਾ 51 ਸਾਲ ਦਾ। ਪਿਛਲੇ ਸਾਲ ਮਹੀਨਿਆਂ ਦੇ ਵਿਚ 2800 ਲੋਕਾਂ ਨੇ ਪੁਲਿਸ ਭਰਤੀ ਲਈ ਅਰਜੀਆਂ ਦਿੱਤੀਆਂ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਪੁਲਿਸ ਦੇ ਵਿਚ ਭਾਰਤੀ ਪੁਰਸ਼ ਅਫਸਰਾਂ ਅਤੇ ਮਹਿਲਾਵਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ।