ਜਲੰਧਰ/ਕਪੂਰਥਲਾ ਫਰਵਰੀ 21, 2019 : ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਸਿਹਤ ਭਲਾਈ ਵਿਭਾਗ ਕਪੂਰਥਲਾ ਦੇ ਸਹਿਯੋਗ ਨਾਲ ਇਕ ਰੋਜ਼ਾ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਅਤੇ ਇਸ ਸੰਬੰਧੀ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਸਮਾਜਕ ਜ਼ਿੰਮੇਵਾਰੀ ਨਿਭਾਉਂਦਿਆਂ ਯੂਨੀਵਰਸਿਟੀ ਨੇ ਜ਼ਿਲ੍ਹਾ ਕਪੂਰਥਲਾ ਦੇ ਸਿਹਤ ਭਲਾਈ ਵਿਭਾਗ ਨਾਲ ਵੀ ਸਹਿਯੋਗ ਦਾ ਅਹਿਦ ਲਿਆ ਹੈ।
ਯੂਨੀਵਰਿਸਟੀ ਦੇ ਉਪ-ਕੁਲਪਤੀ ਡਾ. ਪ੍ਰੋ. ਅਜੈ ਕੁਮਾਰ ਸ਼ਰਮਾਂ ਦਾ ਸੁਨੇਹਾ ਬਤੌਰ ਮੁਖੀ ਪ੍ਰੋਗਰਾਮ ਪੜ੍ਹਿਆ ਗਿਆ! ਉਪ-ਕੁਲਪਤੀ ਜੀ ਆਪਣੇ ਸੁਨੇਹੇ ਚ ਕਿਹਾ ਕਿ ਯੂਨੀਵਰਸਿਟੀਆਂ ਸਮਾਜ ਨਾਲ ਜੁੜੀ ਹੋਣ ਕਰਕੇ ਉਨ੍ਹਾਂ ਦਾ ਸਮਾਜ ਭਲਾਈ ਲਈ ਕੰਮ ਕਰਨਾ ਲਾਜ਼ਮੀ ਹੋ ਜਾਂਦਾ ਹੈ। ਯੂਨੀਵਰਸਿਟੀ ਨੇੜਲੇ ਖੇਤਰਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਮੁਹਿੰਮ ਚਲਾਉਣ ਦੇ ਉਦੇਸ਼ ਨਾਲ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ ਤੇ ਕਰੇਗੀ ਵੀ। ਸੁਨੇਹੇ ਚ ਸ਼ਾਮਿਲ ਰਿਹਾ ਕਿ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹਾ ਕਪੂਰਥਲਾ ਇਸ ਮੁੱਦੇ ਉਪਰ ਪਿਛਲੇ ਛੇ ਮਹੀਨਿਆਂ ਤੋਂ ਜਾਗਰੂਕਤਾ ਮੁਹਿੰਮ ਚਲਾ ਕੇ ਪੰਜਾਬ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ ਜ਼ਿੰਮੇਵਾਰੀ ਵਿਦਿਅਕ ਅਦਾਰਿਆਂ ਦੀ ਹੀ ਹੈ।
ਇਸ ਮੌਕੇ ਯੂਨੀਵਰਸਿਟੀ ਮੇਨ ਕੈਂਪਸ ਦੇ ਡਾਇਰੈਕਟਰ ਡਾ. ਯਾਦਵਿੰਦਰ ਸਿੰਘ ਬਰਾੜ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਨਸ਼ਾ ਮੁਕਤੀ ਸੰਬੰਧੀ ਪ੍ਰੇਰਣਾ ਬੰਦੇ ਹੋਏ ਦੋਸਰੀਆਂ ਨੂੰ ਵੀ ਜਾਗਰੂਕਤਾ ਨਾਲ ਜੋੜਨਾ ਚਾਹੀਂਦਾ ਹੈ! ਉਨ੍ਹਾਂ ਨੌਜਵਾਨਾਂ ਨੂੰ ਸਮਾਜ ਕਲਿਆਣ ਦੇ ਵੱਡੇ ਉਦੇਸ਼ ਪੂਰੇ ਕਰਨ ਵੱਲ ਪ੍ਰੇਰਿਤ ਕੀਤਾ! ਉਨ੍ਹਾਂ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤਿਆਂ ਦੀ ਮਜ਼ਬੂਤੀ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਇਨ੍ਹਾਂ ਦਾ ਇਹ ਪਵਿੱਤਰ ਰਿਸ਼ਤਾ ਸਮਾਜਿਕ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਸਕਦਾ ਹੈ। ਉਨ੍ਹਾਂ ਅੰਤਰ ਰਾਸ਼ਟਰੀ ਮਾਂ-ਬੋਲੀ ਦਿਵਸ ਦੀ ਵੀ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐਸ.ਐਸ. ਵਾਲੀਆ ਨੇ ਯੂਨੀਵਰਸਿਟੀ ਕੈਂਪਸ ਦੁਆਰਾ ਉਲੀਕੀਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੁਆਰਾ ਆਪਣੇ ਆਲੇ-ਦੁਆਲੇ ਦੇ ਪਿੰਡਾਂ ਨੂੰ ਗੋਦ ਲਿਆ ਗਿਆ ਹੈ ਤਾਂ ਕਿ ਯੂਨੀਵਰਸਿਟੀ ਦੇ ਗਿਆਨ ਨੂੰ ਜਾਗਰੂਕਤਾ ਦੇ ਰੂਪ ਵਿਚ ਸਮਾਜ ਦੇ ਵਿਸ਼ਾਲ ਦਾਇਰੇ ਤੱਕ ਫੈਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੇ ਜੀਵਨ ਆਦਰਸ਼ਾਂ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਤਾਂ ਹੀ ਅਸੀਂ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚ ਸਕਦੇ ਹਾਂ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਸੰਯੁਕਤ ਰਜਿਸਟਰਾਰ (ਵਿਦਿਆਰਥੀ ਭਲਾਈ) ਡਾ. ਆਰ.ਪੀ.ਐਸ. ਬੇਦੀ ਨੇ ਆਏ ਹੋਏ ਮਹਿਮਾਨਾਂ ਅਤੇ ਸ਼ਮੂਲੀਅਤ ਕਰਨ ਵਾਲੇ ਵਲੰਟੀਅਰਾਂ ਦਾ ਸੁਆਗਤ ਕੀਤਾ।
ਇਸ ਪ੍ਰੋਗਰਾਮ ਵਿਚ ਕਪੂਰਥਲਾ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਕੁਲਜੀਤ ਸਿੰਘ ਵਿਦਿਆਰਥੀਆਂ ਨਾਲ ਉਚੇਚੇ ਤੌਰ ਤੇ ਮੁਖਾਤਿਬ ਹੋਏ। ਉਨ੍ਹਾਂ ਕਿਹਾ ਕਿ ਨਸ਼ਾ ਪੀੜਤ ਵਿਅਕਤੀਆਂ ਨੂੰ ਸਮਾਜ ਤੋਂ ਅਲਗ-ਥਲਗ ਕਰਨ ਦੀ ਥਾਂ ਉਨ੍ਹਾਂ ਨਾਲ ਸੰਵਾਦ ਰਚਾਉਣ ਦੀ ਲੋੜ ਹੈ। ਉਨ੍ਹਾਂ ਦੇ ਨਾਲ ਸੀਨੀਅਰ ਸਰਜਨ ਡਾ. ਗੁਰਦੇਵ ਭੱਟੀ ਵੀ ਸ਼ਾਮਿਲ ਸਨ, ਜਿਨ੍ਹਾਂ ਨੇ ਤੰਬਾਕੂ ਦੇ ਸਿਹਤ ਉਪਰ ਪੈਂਦੇ ਪ੍ਰਭਾਵ ਅਤੇ ਇਸਦੇ ਬਚਾਓ ਬਾਰੇ ਵਿਸਤਾਰ ਵਿਚ ਚਰਚਾ ਕੀਤੀ।
ਇਸ ਮੌਕੇ ਨਸ਼ਾ ਮੁਕਤ ਤੇ ਨਰੋਏ ਸਮਾਜ ਦੀ ਸਿਰਜਣਾ ਹਿਤ ਨਾਟਕ ਪ੍ਰਤੀਯੋਗਤਾ ਵੀ ਕਰਵਾਈ ਗਈ। ਜਿਸ ਵਿਚ ਯੂਨੀਵਰਸਿਟੀ ਮੇਨ ਕੈਂਪਸ ਦੇ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਅੰਮ੍ਰਿਤਸਰ, ਦੀਨਾਨਗਰ, ਬਟਾਲਾ, ਖੂਨੀਮਾਜਰਾ ਕੰਸਟੀਚਿਊਟ ਕੈਂਪਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿਚ ਪਹਿਲਾ ਸਥਾਨ ਯੂਨੀਵਰਸਿਟੀ ਦੇ ਕਪੂਰਥਲਾ ਕੈਂਪਸ, ਦੂਜਾ ਸਥਾਨ ਅੰਮ੍ਰਿਤਸਰ ਕੈਂਪਸ ਅਤੇ ਤੀਜਾ ਸਥਾਨ ਬਟਾਲਾ ਕੈਂਪਸ ਨੇ ਹਾਸਿਲ ਕੀਤਾ। ਇਸ ਮੌਕੇ ਐਨ.ਐਸ.ਐਸ. ਕੋਆਰਡੀਨੇਟਰ ਪਰਮਜੀਤ ਸਿੰਘ ਗਿੱਲ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਅੰਸ਼ੂ ਭਸੀਨ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਸਰਬਜੀਤ ਸਿੰਘ, ਅਜੈ ਸ਼ਰਮਾ ਬਟਾਲਾ ਕੈਂਪਸ, ਤਰੁਣ ਕਨੋਡੀਆ ਅੰਮ੍ਰਿਤਸਰ ਕੈਂਪਸ ਆਪੋ ਆਪਣੇ ਐਨ.ਐਸ. ਵਲੰਟੀਅਰਾਂ ਸਮੇਤ ਸ਼ਾਮਿਲ ਹੋਏ। ਇਸ ਤੋਂ ਇਲਾਵਾ ਇਸ ਮੌਕੇ ਯੂਨੀਵਰਸਿਟੀ ਫੈਕਲਟੀ, ਸਟਾਫ ਅਤੇ ਵਿਦਿਆਰਥੀ ਵੀ ਮੌਜੂਦ ਸਨ।