ਲੁਧਿਆਣਾ: 22 ਫਰਵਰੀ 2019 - ਪੰਜਾਬ ਦੇ ਸਹਿਕਾਰੀ ਅਦਾਰਾ ਮਾਰਕਫੈੱਡ ਨੇ ਅੱਜ ਜੀ ਜੀ ਐੱਨ ਖਾਲਸਾ ਕਾਲਿਜ ਚ ਹੋਈ ਦੋ ਰੋਜ਼ਾ ਅੰਤਰ ਰਾਸ਼ਟਰੀ ਪਰਵਾਸੀ ਪੰਜਾਬੀ ਸਾਹਿੱਤ ਕਾਨਫਰੰਸ ਲੁਧਿਆਣਾ ਵਿੱਚ ਪਰਦੇਸੋਂ ਆਏ ਪੰਜਾਬੀ ਪਿਆਰਿਆਂ ਨੂੰ ਸੇਰ ਪੱਕਾ ਗੁੜ ਦੇ ਕੇ ਵਿਦਾਇਗੀ ਦਿੱਤੀ। ਇਸ ਕਾਨਫਰੰਸ ਵਿੱਚ ਵਿਦੇਸ਼ਾਂ ਤੋਂ ਲਗਪਗ 50 ਡੈਲੀਗੇਟ ਪਹੁੰਚੇ।
ਮਾਰਕਫੈੱਡ ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਮਾਰਕਫੈੱਡ ਸਮਾਜਿਕ ਸਮਾਰੋਹਾਂ ਚ ਹਾਜ਼ਰੀ ਵਧਾ ਕੇ ਹਰ ਪੰਜਾਬੀ ਨੂੰ ਆਪਣੇ ਮਾਰਕਫੈੱਡ ਉਤਪਾਦਾਂ ਨਾਲ ਜੋੜਨ ਦਾ ਢੰਗ ਅਪਣਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੇਰ ਪੱਕੇ ਗੁੜ ਦੀ ਭਾਜੀ ਪਰਦੇਸੋਂ ਆਏ ਪੰਜਾਬੀ ਭੈਣਾਂ ਭਰਾਵਾਂ ਨੂੰ ਸ਼ਗਨ ਰੂਪ ਚ ਦੇ ਕੇ ਮਾਰਕਫੈੱਡ ਸਦੀਵੀ ਪਿਆਰ ਸਾਂਝ ਪਾ ਰਿਹਾ ਹੈ। ਵਿਦਾਇਗੀ ਸਮਾਗਮ ਬਾਅਦ ਦੁਪਹਿਰ ਦੋ ਵਜੇ ਹੋਈ, ਜਿਸ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਸ: ਸਰਵਣ ਸਿੰਘ ਚੰਨੀ ਆਈ ਏ ਐੱਸ (ਰੀਟ:) ਨੇ ਕੀਤੀ।