ਜੀ ਐੱਸ ਪੰਨੂ
ਪਟਿਆਲਾ, 7 ਮਾਰਚ 2019 : ਪਟਿਆਲਾ ਦੇ ਵਸਨੀਕਾਂ ਨੂੰ ਆਵਾਜਾਈ ਦਿੱਕਤਾਂ ਤੋਂ ਰਾਹਤ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਉਲੀਕੇ ਵੱਖ-ਵੱਖ ਪ੍ਰਾਜੈਕਟਾਂ ਤਹਿਤ ਵੱਡੀ ਨਦੀ ਦੇ ਨਾਲ-ਨਾਲ ਰਾਜਪੁਰਾ ਰੋਡ ਤੱਕ 2.12 ਕਿਲੋਮੀਟਰ ਲੰਮੀ ਸੜਕ ਨੂੰ ਚੌੜਾ ਕਰਨ ਸਮੇਤ 10.49 ਕਰੋੜ ਰੁਪਏ ਦੀ ਲਾਗਤ ਨਾਲ 4 ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸਨੌਰ ਦੇ ਇੰਚਾਰਜ ਸ. ਹਰਿੰਦਰਪਾਲ ਸਿੰਘ ਹੈਰੀਮਾਨ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ 'ਚ ਸ਼ੁਰੂ ਹੋਏ ਸਾਰੇ ਕੰਮ ਅਗਲੇ ਕੁਝ ਮਹੀਨਿਆਂ 'ਚ ਪੂਰਾ ਹੋਣ ਨਾਲ ਸ਼ਹਿਰ ਦੀ ਕਾਇਆ ਕਲਪ ਜਾਵੇਗੀ।
ਇੱਥੇ ਸਨੌਰੀ ਅੱਡੇ ਨੇੜੇ ਵੱਡੀ ਨਦੀ 'ਤੇ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਉਣ ਸਮੇਂ ਸ੍ਰੀਮਤੀ ਪਰਨੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਮੇਂ 'ਚ ਜਾਣਬੁੱਝ ਕੇ ਰਾਜਸੀ ਵਿਤਕਰੇ ਦਾ ਸ਼ਿਕਾਰ ਬਣਾਇਆ ਗਿਆ ਪਟਿਆਲਾ ਹੁਣ ਪੰਜਾਬ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਸ਼ਹਿਰ ਦੇ ਵਿਕਾਸ ਲਈ 100 ਕਰੋੜ ਰੁਪਏ ਤੋਂ ਵਧੇਰੇ ਦੇ ਫੰਡ ਸੜਕਾਂ ਲਈ ਮਿਲੇ ਹਨ ਜਦੋਂਕਿ ਨਹਿਰੀ ਪਾਣੀ, ਸਟਰੀਟ ਲਾਇਟਾਂ ਤੇ ਹੋਰ ਵੱਖ-ਵੱਖ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਵੱਖਰੀਆਂ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਸ਼ਹਿਰ 'ਚ ਲਗਾਤਾਰ ਅਬਾਦੀ ਵਧਣ ਕਰਕੇ ਆਵਾਜਾਈ ਵੀ ਵੱਧ ਰਹੀ ਹੈ, ਜਿਸ ਕਰਕੇ ਸਰਕਾਰ ਨੇ ਇਥੋਂ ਦੀਆਂ ਅੰਦਰੂਨੀ ਅਤੇ ਸ਼ਹਿਰ ਨੂੰ ਬਾਹਰ ਦੇ ਸ਼ਹਿਰਾਂ ਨਾਲ ਜੋੜਦੀਆਂ ਸੜਕਾਂ ਨੂੰ ਮਜ਼ਬੂਤ ਅਤੇ ਚੌੜਾ ਕਰਨ ਦੇ ਕਈ ਪ੍ਰਾਜੈਕਟ ਉਲੀਕੇ ਹਨ। ਉਨ੍ਹਾਂ ਦੱਸਿਆ ਕਿ ਵੱਡੀ ਨਦੀ ਤੋਂ ਰਾਜਪੁਰਾ ਰੋਡ ਨੂੰ ਜੋੜਦੀ ਇਸ ਸੜਕ ਦੇ ਚੌੜਾ ਹੋਣ ਨਾਲ ਇਹ ਸੜਕ ਇੱਕ ਬਾਈਪਾਸ ਦਾ ਹੀ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਇਥੇ ਵਾਹਨਾਂ ਦੀ ਸੁਰੱਖਿਅਤ ਆਵਾਜਾਈ ਲਈ ਵੱਡੀ ਨਦੀ 'ਤੇ ਲੋਹੇ ਦਾ ਜੰਗਲਾ ਵੀ ਲਾਇਆ ਜਾਵੇਗਾ ਤੇ ਇਹ ਕੰਮ 6 ਮਹੀਨਿਆਂ 'ਚ ਮੁਕੰਮਲ ਹੋਵੇਗਾ।
ਸਾਬਕਾ ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਰਾਜਪੁਰਾ ਰੋਡ ਤੋਂ ਘਲੋੜੀ ਗੇਟ ਤੱਕ ਛੋਟੀ ਨਦੀ ਦੇ ਨਾਲ-ਨਾਲ 1.30 ਕਿਲੋਮੀਟਰ ਸੜਕ ਨੂੰ ਕਰੀਬ ਪੌਣੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਚੋੜਾ ਕੀਤਾ ਜਾ ਰਿਹਾ ਹੈ। ਇਹ ਕੰਮ ਅਗਲੇ 4 ਮਹੀਨਿਆਂ 'ਚ ਪੂਰਾ ਹੋ ਜਾਵੇਗਾ। ਇਸ ਤੋਂ ਬਿਨ੍ਹਾਂ ਵੱਡੀ ਨਦੀ 'ਤੇ ਪਟਿਆਲਾ-ਪਹੇਵਾ ਮਾਰਗ ਉਪਰ ਨਵਾਂ ਪੁਲ 3.41 ਕਰੋੜ ਰੁਪਏ ਦੀ ਲਾਗਤ ਨਾਲ ਅਗਲੇ 6 ਮਹੀਨਿਆਂ 'ਚ ਤਿਆਰ ਹੋ ਜਾਵੇਗਾ। ਇਸ ਨਵੇਂ ਪੁਲ ਦੇ ਬਨਣ ਨਾਲ ਪਹੇਵਾ-ਦਿੱਲੀ ਜਾਣ ਵਾਲਿਆਂ ਨੂੰ ਬਿਹਤਰ ਆਵਾਜਾਈ ਦੀ ਸਹੂਲਤ ਮਿਲੇਗੀ ਤੇ ਰਾਹਗੀਰਾਂ ਟ੍ਰੈਫਿਕ ਜਾਮ ਤੋਂ ਛੁਟਕਾਰਾ ਮਿਲੇਗਾ।
ਸ੍ਰੀਮਤੀ ਪਰਨੀਤ ਕੌਰ ਨੇ ਹੋਰ ਦੱਸਿਆ ਕਿ ਇਸਦੇ ਨਾਲ ਹੀ ਪਟਿਆਲਾ-ਪਹੇਵਾ ਮਾਰਗ ਉਪਰ ਵੱਡੀ ਨਦੀ ਤੋਂ ਛੋਟੀ ਨਦੀ ਦਰਮਿਆਨ 600 ਮੀਟਰ ਸੜਕ ਨੂੰ ਵੀ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਚਾਰ ਮਾਰਗੀ ਬਣਾਇਆ ਜਾ ਰਿਹਾ ਹੈ। ਇਸ ਨਾਲ ਸਬਜੀ ਮੰਡੀ ਅਤੇ ਸਨੌਰ ਆਦਿ ਇਲਾਕਿਆਂ ਸਮੇਤ ਹੋਰ ਕਲੋਨੀਆਂ 'ਚ ਜਾਣ ਵਾਲਿਆਂ ਨੂੰ ਆਵਾਜਾਈ ਦੀ ਚੰਗੀ ਸਹੂਲਤ ਮਿਲੇਗੀ ਤੇ ਇੱਥੇ ਅਕਸਰ ਲੱਗਦੇ ਜਾਮ ਤੋਂ ਛੁਟਕਾਰਾ ਮਿਲ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀਮਤੀ ਗੁਰਪ੍ਰੀਤ ਕੌਰ ਸ਼ੈਰੀ ਮਾਨ, ਸ. ਰੀਤਿੰਦਰ ਸਿੰਘ ਰਿੱਕੀ ਮਾਨ, ਬਲਾਕ ਪ੍ਰਧਾਨ ਸ੍ਰੀ ਅਸ਼ਵਨੀ ਬੱਤਾ, ਸ. ਜੋਗਿੰਦਰ ਸਿੰਘ ਕਾਕੜਾ, ਸ. ਅਮਨਰਣਜੀਤ ਸਿੰਘ ਨੈਣਾਂ, ਸ੍ਰੀ ਰਜੀਵ ਗੋਇਲ, ਸ੍ਰੀ ਨਰੇਸ਼ ਗੋਇਲ, ਸ੍ਰੀ ਬਲਿਹਾਰ ਸਿੰਘ, ਸ੍ਰੀ ਲੱਕੀ ਮਾਨ, ਸ. ਦੀਦਾਰ ਸਿੰਘ ਦੌਣਕਲਾਂ, ਸ. ਪ੍ਰਭਜਿੰਦਰ ਸਿੰਘ, ਸ. ਹਰਜਿੰਦਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਐਸ.ਈ. ਐਨ.ਪੀ. ਸਿੰਘ, ਐਕਸੀਐਨ ਦੀਪਕ ਗੋਇਲ, ਐਸ.ਡੀ.ਓ. ਹਰਜੀਤ ਸਿੰਘ, ਰੀਤਜਸ਼ਨ ਸਿੰਘ ਤੇ ਸਹਾਇਕ ਇੰਜੀਨੀਅਰ ਬਿੱਕਰ ਸਮੇਤ ਇਲਾਕਾ ਨਿਵਾਸੀ ਵੱਡੀ ਗਿਣਤੀ 'ਚ ਮੌਜੂਦ ਸਨ।
ਕੈਪਸ਼ਨ-: ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਵੱਡੀ ਨਦੀ 'ਤੇ ਵੱਡੀ ਨਦੀ ਦੇ ਨਾਲ-ਨਾਲ ਰਾਜਪੁਰਾ ਰੋਡ ਤੱਕ 2.12 ਕਿਲੋਮੀਟਰ ਸੜਕ ਨੂੰ ਚੌੜੀ ਅਤੇ ਮਜਬੂਤ ਕਰਨ ਸਮੇਤ ਹੋਰ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਉਂਦੇ ਹੋਏ। ਉਨ੍ਹਾਂ ਦੇ ਨਾਲ ਸ. ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਹੋਰ ਨਜਰ ਆ ਰਹੇ ਹਨ।