ਚੰਡੀਗੜ੍ਹ, 13 ਮਾਰਚ 2019 - ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਸਟੇਜ ਤੋਂ ਸੰਬੋਧਨ ਕਰਦਿਆਂ ਬਾਣੀ ਦਾ ਗਲਤ ਉਚਾਰਨ ਕਰ ਦਿੱਤਾ। ਜਿਸ ਦੀ ਵੀਡੀੳ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਚੰਦੂਮਾਜਰਾ ਵੱਲੋਂ ਸਟੇਜ ਤੋਂ ਗੁਰਬਾਣੀ ਦਾ ਹਵਾਲਾ ਦੇ ਕੇ ਗੁਣਾਂ ਤੇ ਔਗੁਣਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੇ ਗੁਰਬਾਣੀ ਦੀ ਇਸ ਤੁਕ ( ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ) ਦਾ ਗਲਤ ਉਚਾਰਨ ਕਰ ਦਿੱਤਾ। ਜਿਸ ਤੋਂ ਬਾਅਦ ਸਟੇਜ 'ਤੇ ਬੈਠੇ ਹੋਰਨਾਂ ਆਗੂਆਂ ਨੇ ਉਨ੍ਹਾਂ ਨੂੰ ਤੁਰੰਤ ਸਹੀ ਪੰਕਤਿ ਬਾਰੇ ਜਾਣੂ ਕਰਾਇਆ। ਪਰ ਚੰਦੂਮਾਜਰਾ ਵੱਲੋਂ ਇਹ ਕਹਿ ਕੇ ਗਲਤੀ ਢਕਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਵੈਸੇ ਹੀ ਉਦਾਹਰਨ ਦੇ ਰਹੇ ਨੇ, ਨਾ ਕਿ ਗੁਰਬਾਣੀ ਦੀ ਤੁਕ ਦੀ ਵਰਤੋਂ ਕਰ ਰਹੇ ਹਨ।
ਇਸ ਵੀਡੀੳ ਤੋਂ ਬਾਅਦ ਵਿਰੋਧੀਆਂ ਵੱਲੋਂ ਚੰਦੂਮਾਜਰਾ ਨੂੰ ਮਾਫੀ ਮੰਗਣ ਲਈ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਇਸੇ ਮੁਤੱਲਕ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਸਾਬਕਾ ਪੰਜਾਬ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਵੱਲੋਂ ਚੰਦੂਮਾਜਰਾ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਕਿਹਾ ਕਿ ਚੰਦੂਮਾਜਰਾ 'ਤੇ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਅਨੰਦਪੁਰ ਸਾਹਿਬ ਤੋਂ ਐਮ.ਪੀ ਹਨ ਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਗੁਰਬਾਣੀ ਦੀ ਟ੍ਰੇਨਿਗ ਦੁਆਉਣੀ ਚਾਹੀਦੀ ਹੈ ਤਾਂ ਜੋ ਫੇਰ ਕਦੇ ਸਟੇਜਾਂ ਤੋਂ ਗੁਰਬਾਣੀ ਦਾ ਗਲਤ ਉਚਾਰਨ ਨਾ ਕਰ ਸਕਣ ।