ਐੱਸ.ਏ.ਐੱਸ.ਨਗਰ 13 ਮਾਰਚ 2019: ਸਿੱਖਿਆ ਪ੍ਰੋਵਾਈਡਰਾਂ ਦੀ ਯੂਨੀਅਨ ਨੇ ਸਮਾਂ ਲੈ ਕੇ ਸਕੱਤਰ ਸਕੂਲ ਸਿੱਖਿਆ ਨਾਲ ਸਰਕਾਰੀ ਸਕੂਲਾਂ ਵਿੱਚ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਣ ਅਤੇ ਵਿਭਾਗੀ ਹੱਲ ਕਰਵਾਉਣ ਲਈ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਕੀਤੀ| ਇਸ ਮੀਟਿੰਗ ਵਿੱਚ ਸਿੱਖਿਆ ਪ੍ਰੋਵਾਈਡਰਾਂ ਦੇ ਸੂਬਾ ਤੇ ਜ਼ਿਲ੍ਹਾ ਕਨਵੀਨਰਾਂ ਤੋਂ ਇਲਾਵਾ ਸੰਜੀਵ ਸ਼ਰਮਾ ਡਿਪਟੀ ਐਸਪੀਡੀ ਸਮੱਗਰ ਸਿੱਖਿਆ ਤੇ ਪਰਵੀਨ ਕੁਮਾਰੀ ਏ.ਐੱਸ.ਪੀ.ਡੀ. ਵੀ ਮੌਜੂਦ ਰਹੇ|
ਸਿੱਖਿਆ ਪ੍ਰੋਵਾਈਡਰਾਂ ਦੀ ਯੂਨੀਅਨ ਨੇ ਜਿੱਥੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਲਈ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਸਾਹਮਣੇ ਆਪਣਾ ਜ਼ੋਰਦਾਰ ਸ਼ਬਦਾਂ ਵਿੱਚ ਪੱਖ ਰੱਖਿਆ ਉੱਥੇ ਹੀ ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਉਹਨਾਂ ਦੇ ਸਕੂਲੀ ਕਾਰਜਾਂ ਨੂੰ ਦੇਖਦਿਆਂ ਮੈਡੀਕਲ ਛੁੱਟੀਆਂ ਤਨਖਾਹ ਸਮੇਤ, ਸਲਾਨਾ ਕਾਰਗੁਜ਼ਾਰੀ ਨੂੰ ਪੇਸ਼ ਕਰਨ ਵਾਲੀ ਰਿਪੋਰਟਾਂ, ਤਨਖਾਹ ਵਿੱਚ ਵਾਧੇ ਸਬੰਧੀ ਅਗਲੇਰੀ ਕਾਰਵਾਈ, ਟਰੇਂਡ ਅਤੇ ਅਨ-ਟਰੇਂਡ ਦੋ ਕੈਟਾਗਰੀਆਂ ਬਣਾਉਣ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਸਕੱਤਰ ਬਣਾਉਣ, ਐਮ.ਆਈ.ਐਸ. ਪੋਰਟਲ ਤੇ ਯੂਜ਼ਰ ਆਈ ਡੀ ਬਣਾਉਣ, ਵਿੱਦਿਅਕ ਯੋਗਤਾਵਾਂ ਵਧਾਉਣ ਉਪਰੰਤ ਮਿਲਣ ਵਾਲੇ ਮਾਣਭੱਤੇ ਵਿੱਚ ਵਾਧਾ ਕਰਨ ਸਬੰਧੀ ਆਪਣੀਆਂ ਇਹਨਾਂ ਮੰਗਾਂ ਨੂੰ ਪੂਰਾ ਕਰਾਉਣ ਲਈ ਗੱਲਬਾਤ ਵੀ ਕੀਤੀ ਗਈ|
ਇਸ ਮੌਕੇ ਸਿੱਖਿਆ ਪ੍ਰੋਵਾਈਡਰਾਂ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਅਨ ਦੇ ਵਫਦ ਨੇ ਸਕੱਤਰ ਸਕੂਲ ਸਿੱਖਿਆ ਨਾਲ ਇੱਕ ਨਿਯੋਜਿਤ ਮੀਟਿੰਗ ਕੀਤੀ ਜਿਸ ਵਿੱਚ ਵੱਖ-ਵੱਖ ਜ਼ਿਲ਼੍ਹਿਆਂ ਤੋਂ ਸਿੱਖਿਆ ਪ੍ਰੋਵਾਈਡਰਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ| ਇਸ ਮੀਟਿੰਗ ਵਿੱਚ ਸਿੱਖਿਆ ਪ੍ਰੋਵਾਈਡਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਉਹਨਾਂ ਜਾਣਕਾਰੀ ਦਿੱਤੀ ਗਈ| ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਹੋਰ ਅਧਿਆਪਕਾਂ ਵਾਂਗ ਕੰਮ ਕਰਨਾ ਪੈਂਦਾ ਹੈ ਅਤੇ ਇਸ ਲਈ ਉਹਨਾਂ ਨੂੰ ਜਲਦ ਰੈਗੂਲਰ ਕਰਕੇ ਬਾਕੀ ਅਧਿਆਪਕਾਂ ਵਾਗੂੰ ਹੀ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ| ਉਹਨਾਂ ਮੰਗ ਕੀਤੀ ਕਿ ਜਿਹਨਾਂ ਸਕੂਲਾਂ ਵਿੱਚ ਸਿੱਖਿਆ ਪ੍ਰੋਵਾਈਡਰਾਂ ਦੀ ਹਾਜ਼ਰੀ ਨਾਲ ਪੋਸਟਾਂ ਭਰੀਆਂ ਹੋਈਆਂ ਹਨ ਉਹਨਾਂ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਨੂੰ ਤੁਰੰਤ ਰੱਦ ਕੀਤਾ ਜਾਵੇ|
ਇਸ ਮੌਕੇ ਜਸਵੀਰ ਸਿੰਘ ਮੋਗਾ ਨੇ ਸਕੱਤਰ ਸਕੂਲ ਸਿੱਖਿਆ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਰੈਗੂਲਰ ਕਰਨ ਦੀ ਪ੍ਰੋਪੋਜ਼ਲ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਣ| ਇਸ ਮੌਕੇ ਪਰਮਵੀਰ ਸਿੰਘ ਪਠਾਨਕੋਟ ਨੇ ਕਿਹਾ ਕਿ ਨਵੀ ਸਿੱਧੀ ਭਰਤੀ ਵਿੱਚ ਸਿੱਖਿਆ ਪ੍ਰੋਵਾਈਡਰਾਂ ਨੂੰ ਵੀ ਅਪਲਾਈ ਕਰਨ ਦਾ ਹੱਕ ਦਿੱਤਾ ਜਾਵੇ| ਇਸ ਮੌਕੇ ਕਨਵੀਨਰ ਜੋਗਾ ਸਿੰਘ ਪਟਿਆਲਾ, ਇੰਦਰਜੀਤ ਸਿੰਘ ਮਾਨਸਾ, ਜਗਸੀਰ ਸਿੰਘ ਘਾਰੂ, ਅਮਨਦੀਪ ਸਿੰਘ, ਮਨੀਸ਼ ਕੁਮਾਰ, ਮਨਪ੍ਰੀਤ ਸਿੰਘ, ਹਰਪਾਲ ਸਿੰਘ ਗੋਸਲ, ਪ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਕੌਰ ਅਤੇ ਹੋਰ ਹਾਜ਼ਰ ਸਨ|