ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ,14 ਮਾਰਚ 2019 - ਇਹਨਾਂ ਦਿਨਾਂ 'ਚ ਜਿੱਥੇ ਦੇਸ਼ ਵਿਚ ਸਰਹੱਦਾਂ ਤੇ ਤਣਾਅ ਬਣਿਆ ਹੋਇਆ ਹੈ, ਉੱਥੇ ਦੇਸ਼ ਦੇ ਭਾਈਚਾਰੇ ਅੰਦਰ ਕੁੱੜਤਣ ਭਰੀ ਪਈ ਹੈ ਤੇ ਉਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਭਾਈਚਾਰਕ ਸਾਂਝ ਲਈ ਹੰਭਲੇ ਮਾਰ ਰਹੇ ਹਨ। ਅਜਿਹਾ ਹੀ ਇਕ 75 ਸਾਲਾ ਬਜ਼ੁਰਗ ਜੋੜਾ ਗੁਜਰਾਤ ਤੋਂ ਵੈਸ਼ਨੋ ਦੇਵੀ ਜੰਮੂ-ਕਸ਼ਮੀਰ ਦੀ ਯਾਤਰਾ ਲਈ ਬੁਲੇਟ ਮੋਟਰਸਾਇਕਲ 'ਤੇ ਨਿਕਲਿਆ ਹੈ, ਜੋ ਦੇਸ਼ ਅੰਦਰ ਭਾਈਚਾਰਕ ਸਾਂਝ ਅਤੇ ਰੁੱਖ ਲਗਾਉਣ ਦਾ ਸੁਨੇਹਾ ਦੇ ਰਿਹਾ ਹੈ।
ਗੁਜਰਾਤ ਤੋਂ ਮੋਹਨ ਲਾਲ ਬੇਨ ਅਤੇ ਲੀਲਾ ਬੇਨ ਮੋਟਰਸਾਇਕਲ 'ਤੇ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਲਈ ਨਿਕਲੇ ਹਨ ਅਤੇ ਦੇਸ਼ ਦੇ ਵੱਖ ਵੱਖ ਸੂਬਿਆ ਦੇ ਗੁਰੂਧਾਮਾਂ ਦੇ ਦਰਸ਼ਨ ਕਰਦੇ ਹੋਏ ਉਹ ਲੰਘੇ ਬੁੱਧਵਾਰ ਫਰੀਦਕੋਟ ਪਹੁੰਚੇ । ਫਰੀਦਕੋਟ ਵਿਚ ਉਹਨਾਂ ਨੇ ਵੱਖ ਵੱਖ ਇਤਿਹਾਸਿਕ ਸਥਾਨਾਂ ਨੂੰ ਵੇਖਣ ਤੋਂ ਬਾਅਦ ਅੱਗੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਏ।
ਇਸ ਮੌਕੇ ਗੱਲਬਾਤ ਕਰਦਿਆ ਬਜ਼ੁਰਗ ਜੋੜੇ ਨੇ ਕਿਹਾ ਕਿ ਇਨਸਾਨ ਦੇ ਹੌਸਲੇ ਸਾਹਮਣੇ ਉਮਰਾਂ ਦੀ ਕੋਈ ਹੱਦ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਉਮਰ ਕਰੀਬ 75 ਸਾਲ ਹੈ ਅਤੇ ਉਹ ਮੋਟਰਸਾਇਕਲ ਰਾਹੀਂ ਹੀ ਗੁਜਰਾਤ ਤੋਂ ਮਾਤਾ ਵੈਸ਼ਨੋਦੇਵੀ ਅਤੇ ਕੇਦਾਰਨਾਥ ਦੀ ਯਾਤਰਾ ਲਈ ਨਿਕਲੇ ਹਨ ਅਤੇ ਰਸਤੇ ਵਿਚ ਪੈਂਦੇ ਵੱਖ ਵੱਖ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰ ਰਹੇ ਹਨ।
ਉਹਨਾਂ ਕਿਹਾ ਕਿ ਅੱਜ ਉਹ ਫਰੀਦਕੋਟ ਪਹੁੰਚੇ ਹਨ ਅਤੇ ਅੱਗੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਉਹ ਹੋਰ ਧਾਰਮਿਕ ਸਥਾਨਾਂ ਤੋਂ ਹੁੰਦੇ ਹੋਏ ਮਾਤਾ ਵੈਸ਼ਨੋ ਦੇਵੀ ਅਤੇ ਕੇਦਾਰਨਾਥ ਜੀ ਵਿਖੇ ਨਤਮਸਤਕ ਹੋਣਗੇ। ਉਹਨਾਂ ਕਿਹਾ ਕਿ ਇਹ ਟੂਰ ਕਰਨ ਦਾ ਉਹਨਾਂ ਦਾ ਮਕਸਦ ਸਿਰਫ ਇਹੀ ਹੈ ਕਿ ਜੋ ਦੇਸ਼ ਅੰਦਰ ਆਪਸੀ ਰਿਸ਼ਤਿਆ ਅੰਦਰ ਆਪਣਾਪਨ ਆਵੇ ਅਤੇ ਭਾਈਚਾਰਕ ਸਾਂਝ ਵਧੇ। ਉਹਨਾਂ ਇਸ ਮੌਕੇ ਕਿਹਾ ਕਿ ਸਭ ਨੂੰ ਆਪਣੀ ਜ਼ਿੰਦਗੀ ਵਿਚ ਕੋਈ ਨਾ ਕੋਈ ਅਡਵੈਂਚਰ ਕਰਨਾ ਚਾਹੀਦਾ ਹੈ।