ਅੰਮ੍ਰਿਤਸਰ 14 ਮਾਰਚ 2019 : ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਅਤੇ ਘਰੇਲੂ ਮੁਸਾਫਰਾਂ ਦੀ ਗਿਣਤੀ ਵਿਚ ਲਗਾਤਾਰ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ ਜਾ ਰਿਹਾ ਹੈ ਤੇ ਇਹ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ (ਮੁਹਿੰਮ) ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਲ ਹੀ ਵਿਚ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਜਨਵਰੀ 2019 ਅੰਕਿੜਆਂ ਦਾ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ “ਅੰਮ੍ਰਿਤਸਰ ਏਅਰਪੋਰਟ ਚਾਲੂ ਵਿੱਤੀ ਸਾਲ 2018-2019 ਦੇ ਪਹਿਲੇ 10 ਮਹੀਨਿਆਂ (ਅਪ੍ਰੈਲ ਤੋਂ ਜਨਵਰੀ) ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੀ ਆਵਾਜਾਈ ਵਿਚ ਕੁੱਲ 28.7 ਫੀਸਦੀ ਵਾਧੇ ਨਾਲ ਭਾਰਤ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਲੋ ਸਭ ਤੋਂ ਉਪਰਲੇ ਸਥਾਨ ਤੇ ਹੈ।” ਇੱਥੋਂ ਇਸ ਵਰੇ ਹੁਣ ਤੱਕ ਅੰਤਰਰਾਸ਼ਟਰੀ ਮੁਸਾਫਰਾਂ ਦੀ ਗਿਣਤੀ ਤਕਰੀਬਨ 6.48 ਲੱਖ ਹੋ ਗਈ ਹੈ ਜੋ ਪਿਛਲੇ ਸਾਲ ਇਸ ਅਰਸੇ ਦੌਰਾਨ 5.03 ਲੱਖ ਸੀ।
ਗੁਮਟਾਲਾ ਨੇ ਕਿਹਾ ਕਿ ਪੰਜਾਬੀਆਂ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਜਨਵਰੀ 2019 ’ਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਜਨਵਰੀ 2018 ਦੇ ਮੁਕਾਬਲੇ 47.6 ਫੀਸਦੀ ਵਧੀ ਜਿਸ ਨਾਲ ਏਅਰਪੋਰਟ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿਚੋਂ ਦੂਜੇ ਸਥਾਨ ਤੇ ਰਿਹਾ। ਜਨਵਰੀ 2018 ਵਿਚ ਇਹ ਗਿਣਤੀ 59,256 ਯਾਤਰੀ ਸੀ ਤੇ ਜਨਵਰੀ 2019 ਵਿਚ ਵੱਧ ਕੇ 87,461 ਹੋ ਗਈ ਹੈ ਜਿਸ ਨੇ ਕਿ ਪਿਛਲੇ ਮਹੀਨੇ ਦਸੰਬਰ 2018 ਵਿਚ 83,276 ਦੇ ਅੰਕੜੇ ਨੂੰ ਵੀ ਮਾਤ ਦੇ ਦਿੱਤੀ ਹੈ। ਵਾਰਾਨਸੀ 73.3 ਫੀਸਦੀ ਦੀ ਵਿਕਾਸ ਦਰ ਨਾਲ ਜਨਵਰੀ 2019 ਵਿਚ ਚੋਟੀ ਦੇ ਸਥਾਨ ਤੇ ਰਿਹਾ।
ਇੱਥੋਂ ਲਗਾਤਾਰ ਦੂਜੇ ਮਹੀਨੇ ਵਿਚ ਯਾਤਰੀਆਂ ਦੀ ਕੁੱਲ ਗਿਣਤੀ 2.5 ਲੱਖ ਦਾ ਅੰਕੜਾ ਪਾਰ ਕਰ ਗਈ। ਜਨਵਰੀ 2019 ਵਿਚ ਇੱਥੋਂ ਕੁੱਲ ਗਿਣਤੀ 2.56 ਲੱਖ ਰਹੀ ਜਦ ਕਿ ਜਨਵਰੀ 2018 ਵਿਚ ਇਹ ਗਿਣਤੀ 2.24 ਲੱਖ ਸੀ। ਇਸ ਨਾਲ 14.6 ਫੀਸਦੀ ਦਾ ਕੁੱਲ ਵਾਧਾ ਹੋਇਆ ਹੈ। ਹਾਲਾਂਕਿ ਕੁੱਲ ਯਾਤਰੀਆਂ ਦੇ ਵਾਧੇ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਯਾਤਰੀ ਹਨ, ਪਰ ਘਰੇਲੂ ਆਵਾਜਾਈ ਵਿਚ ਵਾਧੇ ਲਈ ਯੋਗਦਾਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਨਵਰੀ 2018 ਵਿਚ ਘਰੇਲੂ ਸਵਾਰੀਆਂ ਦੀ ਕੁੱਲ ਗਿਣਤੀ 1.64 ਲੱਖ ਸੀ ਤੇ ਇਹ ਜਨਵਰੀ 2019 ਵਿਚ ਵੱਧ ਕੇ 1.69 ਲੱਖ ਹੋ ਗਈ ਹੈ ਜੋ ਕਿ 2.6 ਫੀਸਦੀ ਦਾ ਵਾਧਾ ਹੈ।
ਅੁੰਤਰਰਾਸ਼ਟਰੀ ਉਡਾਣਾ ਅਤੇ ਯਾਤਰੀਆਂ ਦਾ ਕਿਸੇ ਵੀ ਹਵਾਈ ਅੱਡੇ ਦੀ ਆਮਦਨ ਵਿਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸ ਵਾਧੇ ਨਾਲ ਅੰਮ੍ਰਿਤਸਰ ਹਵਾਈ ਅੱਡੇ ਦੀ ਆਮਦਨ, ਕਾਰਗੋ ਦੇ ਕਾਰੋਬਾਰ ਵਿਚ ਵਾਧਾ ਅਤੇ ਪੰਜਾਬ ਵਿਚ ਨੋਕਰੀਆਂ ਦੀ ਉਪਲਬਧਤਾ ਵਧੇਗੀ। ਗੁਮਟਾਲਾ ਨੇ ਕਿਹਾ ਕਿ ਅਸੀਂ ਲਗਾਤਾਰ ਵਿਦੇਸ਼ੀ ਅਤੇ ਭਾਰਤੀ ਹਵਾਈ ਕੰਪਨੀਆਂ ਨੂੰ ਇਸ ਵਾਧੇ ਅਤੇ ਹੋਰ ਅੰਕੜਿਆਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਇੱਥੋਂ ਹੋਰ ਉਡਾਣਾ ਸ਼ੁਰੂ ਕਰਨ ਲਈ ਬੇਨਤੀ ਕਰ ਰਹੇ ਹਾਂ। ਅੰਮ੍ਰਿਤਸਰ ਪਿਛਲੇ 2017-18 ਵਿੱਤੀ ਵਰ੍ਹੇ ਵਿਚ ਕੁੱਲ ਯਾਤਰੀਆਂ ਦੀ ਗਿਣਤੀ ਵਿਚ 48.1 ਫੀਸਦੀ ਅਤੇ ਘਰੇਲੂ 63.9 ਫੀਸਦੀ ਵਾਧੇ ਨਾਲ ਪੂਰੇ ਭਾਰਤ ਵਿਚ ਨੰਬਰ ਇਕ ਤੇ ਆਉਣ ਤੋਂ ਬਾਅਦ, ਹੁਣ ਮੌਜੂਦਾ 2018-19 ਵਿੱਤੀ ਸਾਲ ਲਈ ਅੰਤਰਰਾਸ਼ਟਰੀ ਆਵਾਜਾਈ ਵਿਚ ਸਭ ਤੋਂ ਵੱਧ ਵਿਕਾਸ ਕਰ ਰਿਹਾ ਹੈ। ਅੰਤਰਰਾਸ਼ਟਰੀ ਉਡਾਣਾਂ ਦੀ ਸਫਲਤਾ ਅਤੇ ਵਾਧਾ ਇਸ ਤੱਥ ਨੂੰ ਸਾਬਤ ਕਰਦੇ ਹਨ ਕਿ ਦੇਸ਼ ਅਤੇ ਵਿਦੇਸ਼ ਵਿਚ ਪੰਜਾਬੀ ਦਿੱਲੀ ਦੀ ਬਜਾਏ ਸਿੱਧਾ ਅੰਮ੍ਰਿਤਸਰ ਯਾਤਰਾ ਕਰਨ ਦੀ ਇੱਛਾ ਰੱਖਦੇ ਹਨ।
ਫਲਾਈ ਅੰਮ੍ਰਿਤਸਰ ਮੁਹਿੰਮ ਦੇ ਭਾਰਤ ਵਿਚ ਕਨਵੀਨਰ ਅਤੇ ਮੰਚ ਦੇ ਵਧੀਕ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਿੱਧੀਆਂ ਅੱਠ ਮੁਲਕਾਂ ਲਈ ਅੰਤਰਰਾਸ਼ਟਰੀ ਉਡਾਣਾਂ ਹਨ। ਇਹਨਾਂ ਮੁਲਕਾਂ ਲਈ ਛੇ ਵਿਦੇਸ਼ੀ ਹਵਾਈ ਕੰਪਨੀਆਂ ਅਤੇ 4 ਭਾਰਤੀ ਹਵਾਈ ਕੰਪਨਆਂਿ ਉਡਾਣਾਂ ਚਲਾ ਰਹੀਆਂ ਹਨ। ਯਾਤਰੀਆਂ ਦੀ ਗਿਣਤੀ ਹੋਰ ਬਿਹਤਰ ਹੋ ਸਕਦੀ ਸੀ ਜੇ ਪੰਜਾਬ ਦੈ ਵੱਖ-ਵੱਖ ਸ਼ਹਿਰਾਂ ਤੋਂ ਹਵਾਈ ਅੱਡੇ ਨੂੰ ਬੱਸ ਸੇਵਾ ਦੇ ਨਾਲ ਜੋੜਿਆ ਗਿਆ ਹੁੰਦਾ। ਮੰਚ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਸਾਬਕਾ ਅਤੇ ਮੌਜੂਦਾ ਪੰਜਾਬ ਸਰਕਾਰ ਨੂੰ ਕਰ ਰਿਹਾ ਹਾਂ। ਸਰਕਾਰ ਵਲੋਂ ਆਪਣੇ ਸੂਬੇ ਦੇ ਇਸ ਹਵਾਈ ਅੱਡੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਦਿੱਲੀ ਦੇ ਹਵਾਈ ਅੱਡੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਦਿੱਲੀ ਲਈ ਹੋਰ ਬੱਸਾਂ ਸ਼ੁਰੂ ਕਰ ਦਿੱਤੀਆਂ ਹਨ। ਅੰਮ੍ਰਿਤਸਰ ਭਾਰਤ ਦਾ ਇਕੋ ਇਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜਿਸ ਕੋਲ ਇੰਟਰ-ਸਟੇਟ ਅਤੇ ਸਥਾਨਕ ਜਨਤਕ ਟਰਾਂਸਪੋਰਟ ਸਹੂਲਤ ਨਹੀਂ ਹੈ। ਜੇਕਰ ਇਸ ਬੱਸ ਸੇਵਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਇਹ ਯਾਤਰੀਆਂ ਦੀ ਗਿਣਤੀ ਵਿਚ ਹੋਰ ਵਾਧਾ ਕਰੇਗਾ ਅਤੇ ਸਾਨੂੰ ਹੋਰ ਉਡਾਣਾਂ ਮਿਲਣਗੀਆਂ।
ਇਹ ਵੀ ਬਹੁਤ ਨਿਰਾਸ਼ਾਜਨਕ ਹੈ ਕਿ ਭਾਰਤ ਦੀ ਕੌਮੀ ਹਵਾਈ ਕੰਪਨੀ ਏਅਰ ਇੰਡੀਆ ਵੀ ਇਸ ਨਾਲ ਲਗਾਤਾਰ ਵਿਤਕਰਾ ਕਰ ਰਹੀ ਹੈ। ਭਾਂਵੇ ਮੌਜੂਦਾ ਸਰਕਾਰ ਦੇ ਲੀਡਰ ਪਿਛਲੀ ਸਰਕਾਰ ਨੂੰ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਦਿੱਲੀ ਰਾਂਹੀ ਕਰਨ ਲਈ ਜਿੰਮੇਵਾਰ ਠਹਿਰਾਉਂਦੇ ਹਨ ਪਰ ਮੋਜੂਦਾ ਸਰਕਾਰ ਨੇ ਵੀ ਆਪਣੇ ਕਾਰਜਕਾਲ ਦੋਰਾਨ ਚਾਰ ਸਾਲ ਬਾਅਦ ਫਰਵਰੀ 2018 ਵਿਚ ਦਿੱਲੀ ਰਾਂਹੀ ਬਰਮਿੰਘਮ ਜਾਂਦੀ ਉਡਾਣ ਲੰਬੀ ਮੰਗ ਤੋਂ ਬਾਦ ਸਿਰਫ ਦੋ ਦਿਨ ਲਈ ਅੰਮ੍ਰਿਤਸਰ ਤੋਂ ਸਿੱਧਾ ਕੀਤਾ। ਇਸ ਨੂੰ ਫਿਰ ਵਧਾ ਕੇ ਸਿਰਫ ਤਿੰਨ ਦਿਨ ਕਰ ਦਿੱਤਾ। ਇਹ ਕੋਈ ਨਵੀਂ ਫਲਾਈਟ ਨਹੀਂ, ਇਸ ਦਾ ਸਿਰਫ ਰਸਤਾ ਬਦਲਿਆ ਗਿਆ ਹੈ। ਹਾਲੇ ਵੀ ਇਸ ਨੂੰ ਬਾਕੀ ਦਿਨ ਦਿੱਲੀ ਰਾਹੀ ਚਲਾਇਆ ਜਾਂਦਾ ਹੈ ਅਤੇ ਵਧੇਰੇ ਯਾਤਰੀ ਇਸ ਵਿਚ ਵੀ ਪੰਜਾਬ ਤੋਂ ਹੀ ਹੁੰਦੇ ਹਨ। ਅੰਮ੍ਰਿਤਸਰ ਨੂੰ ਮੌਜੂਦਾ ਕੇਂਦਰ ਸਰਕਾਰ ਤੋਂ ਵੀ ਏਅਰ ਇੰਡੀਆ ਦੀ ਕੋਈ ਨਵੀਂ ਅੰਤਰਰਾਸ਼ਟਰੀ ਉਡਾਣ ਨਹੀਂ ਮਿਲੀ। ਪੰਜਾਬੀ ਬਹੁਤ ਲੰਬੇ ਸਮੇਂ ਤੋਂ ਇੱਥੌਂ ਲੰਡਨ ਅਤੇ ਟੋਰਾਂਟੋ ਲਈ ਬੰਦ ਕੀਤੀਆਂ ਗਈਆਂ ਸਿੱਧੀਆਂ ਉਡਾਣਾਂ ਨੂੰ ਮੁੜ ਬਹਾਲ ਕਰਨ ਦੀ ਮੰਗ ਕਰ ਰਹੇ ਹਨ।