← ਪਿਛੇ ਪਰਤੋ
ਨਵੀਂ ਦਿੱਲੀ (14 ਮਾਰਚ 2019): ਸਿੱਖ ਪੰਥ ਦੇ ਨਵੇਂ ਸਾਲ (ਨਾਨਕਸ਼ਾਹੀ ਸੰਮਤ 551) ਦੀ ਖੁਸ਼ੀ ਵਿੱਚ 1 ਚੇਤ ਦਾ ਮਹੀਨਾ ਚੜ੍ਹਨ ਦੇ ਮੌਕੇ ਤੇ ਸਾਬਕਾ ਕੇਂਦਰੀ ਫੁੱਡ ਪ੍ਰੋਸੇਸਿੰਗ ਉਦਯੋਗ ਮੰਤਰੀ ਬੀਬੀ ਹਰਿਸਿਮਰਤ ਕੌਰ ਬਾਦਲ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਨਤਮਸਤਕ ਹੋਣ ਲਈ ਆਏ। ਇਸ ਦੌਰਾਨ ਉਨ੍ਹਾਂ ਨੇ ਸਮੂਚੇ ਪੰਥ ਵੱਲੋਂ ਕਰਤਾਰਪੁਰ ਲਾਂਘੇ ਦੇ ਖੋਲਣ ਦੇ ਕਾਰਜ ਦੀ ਸਫਲਤਾ ਲਈ ਅਰਦਾਸ ਵਿੱਚ ਸਮੂਲੀਅਤ ਕੀਤੀ। ਉਨ੍ਹਾਂ ਦੇ ਸਵਾਗਤ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਦਿੱਲੀ ਕਮੇਟੀ ਮੈਂਬਰ ਹਾਜ਼ਰ ਸਨ। ਬੀਬਾ ਹਰਿਸਿਮਰਤ ਕੌਰ ਨੇ ਪੱਤਰਕਾਰਾਂ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਚੇਤ ਦੀ ਸੰਗਰਾਂਦ ਤੋਂ ਖਾਲਸਾ ਪੰਥ ਦਾ ਨਵਾਂ ਸਾਲ ਸ਼ੁਰੂ ਹੰੁਦਾ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਵੀ ਇਸ ਸਾਲ ਛੇ ਮਹੀਨੇ ਬਾਅਦ ਆ ਰਹੀ ਹੈ। ਇਸ ਮੁਬਾਰਕ ਮੌਕੇ ਤੇ ਅੱਜ ਦੋਨੋਂ ਸਰਕਾਰਾਂ ਦੀ ਅਫਸਰਸ਼ਾਹੀ ਅਟਾਰੀ ਬਾਰਡਰ ਵਿਖੇ ਗੱਲਬਾਤ ਕਰਨ ਲਈ ਬੈਠਕ ਕਰ ਰਹੀ ਹੈ। ਸਮੂਹ ਕੌਮ ਵੱਲੋਂ, ਕਰੋੜਾਂ ਸਿੱਖਾਂ ਦੀ ਅਰਦਾਸ ਅੱਜ 70 ਸਾਲ ਬਾਅਦ ਹਕੀਕਤ ਵਿੱਚ ਪੂਰੀ ਹੋਣ ਜਾ ਰਹੀ ਹੈ। ਛੇਤੀ ਤੋਂ ਛੇਤੀ ਇਹ ਲਾਂਘਾ ਤਿਆਰ ਹੋਵੇ ਕਰੋੜਾਂ ਲੋਕ ਉਥੇ ਜਾ ਕੇ ਨਤਮਸਤਕ ਹੋ ਸਕਣ ਇਹੀ ਅਰਦਾਸ ਕਰਨ ਲਈ ਮੈਂ ਇੱਥੇ ਆ ਕੇ ਗੁਰੂ ਮਹਾਰਾਜ ਦੀ ਹਾਜ਼ਰੀ ਭਰੀ ਹੈ।
Total Responses : 189