ਐਸ ਡੀ ਐਮ ਵੱਲੋਂ ਨਿਗਰਾਨ ਟੀਮਾਂ ਤੇ ਇੰਚਾਰਜ ਅਫਸਰਾਂ ਨਾਲ ਮੀਟਿੰਗ
ਸੁਨਾਮ, 15 ਮਾਰਚ : (ਅਮ੍ਰਿਤ ਬਰਾੜ )
ਸੁਨਾਮ ਦੇ ਸ਼ਾਹਯਕ ਚੋਣਕਾਰ ਅਫ਼ਸਰ-ਕਮ-ਐਸ ਡੀ ਐਮ ਮਨਜੀਤ ਕੌਰ ਨੇ ਲੋਕ ਸਭਾ ਚੋਣਾਂ ਸਬੰਧੀ ਆਦਰਸ਼ ਚੋਣ ਜ਼ਾਬਤੇ ਨੂੰ ਢੁਕਵੇਂ ਢੰਗ ਨਾਲ ਲਾਗੂ ਕਰਵਾਉਣ ਲਈ ਸਬ ਡਵੀਜਨ ਵਿਚ ਗਠਿਤ ਕੀਤੀਆਂ ਗਈਆਂ ਵੱਖ-ਵੱਖ ਨਿਗਰਾਨ ਟੀਮਾਂ ਦੇ ਇੰਚਾਰਜ ਅਫਸਰਾਂ ਤੇ ਨੋਡਲ ਅਫ਼ਸਰਾਂ ਮੀਟਿੰਗ ਕੀਤੀ।
ਇਸ ਮੌਕੇ ਉਨਾਂ ਸਮੂਹ ਟੀਮਾਂ ਨੂੰ ਆਪਸੀ ਤਾਲਮੇਲ ਨਾਲ ਆਪਣੀ ਡਿਊਟੀ ਤਨਦੇਹੀ ਅਤੇ ਸ਼ਿੱਦਤ ਨਾਲ ਨਿਭਾਉਣ ਦੀ ਹਦਾਇਤ ਕਰਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ।
ਮੰਗਲਵਾਰ ਨੂੰ ਕੀਤੀ ਮੀਟਿੰਗ ਦੌਰਾਨ ਉਨਾਂ ਉੱਡਣ ਦਸਤਿਆਂ, ਸਥਾਈ ਨਿਗਰਾਨ ਟੀਮਾਂ, ਆਬਕਾਰੀ ਟੀਮਾਂ, ਅਮਨ ਤੇ ਕਾਨੂੰਨ ਵਿਵਸਥਾ ਟੀਮ ਆਦਿ ਦੇ ਨੋਡਲ ਅਫ਼ਸਰਾਂ ਨੂੰ ਕਿਹਾ ਕਿ ਨਿਗਰਾਨ ਟੀਮਾਂ ਦੀ ਚੋਣਾਂ ਵਿਚ ਵਿਸ਼ੇਸ਼ ਜਿੰਮੇਵਾਰੀ ਹੈ, ਕਿਉਂਕਿ ਇਨਾਂ ਟੀਮਾਂ ਵੱਲੋਂ ਆਪੋ-ਆਪਣੇ ਕੰਮ ਦੀ ਵਿਸ਼ੇਸ਼ ਨਿਗਰਾਨੀ ਰੱਖਣੀ ਹੁੰਦੀ ਹੈ।
ਇਸ ਲਈ ਇਨਾਂ ਟੀਮਾਂ ਨੂੰ ਆਪਣੇ ਕੰਮ ਪ੍ਰਤੀ ਪੂਰਾ ਸੁਚੇਤ ਹੋ ਕੇ ਪੂਰੀ ਸਮਰਪਿਤ ਭਾਵਨਾ ਨਾਲ ਡਿਊਟੀ ਨਿਭਾਉਣੀ ਪਵੇਗੀ। ਉਨਾਂ ਕਿਹਾ ਕਿ ਸਬੰਧਤ ਟੀਮਾਂ ਆਪਣੀਆਂ ਰੋਜ਼ਾਨਾ ਦੀਆਂ ਰਿਪੋਰਟਾਂ ਸਮੇਂ ਸਿਰ ਭੇਜਣੀਆਂ ਯਕੀਨੀ ਬਣਾਉਣ। ਉਨਾਂ ਇਹ ਵੀ ਹਦਾਇਤ ਕੀਤੀ ਕਿ ਆਦਰਸ਼ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਕਿਸਮ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।