ਐਸ. ਏ. ਐਸ. ਨਗਰ, 14 ਮਾਰਚ 2019: ਯੁਵਕ ਸੇਵਾਵਾਂ ਵਿਭਾਗ ਐਸ. ਏ. ਐਸ. ਨਗਰ ਵੱਲੋਂ 2 ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲਾ 19 ਅਤੇ 20 ਮਾਰਚ ਨੂੰ ਗਿਆਨ ਜਯੋਤੀ ਗਰੁੱਪ ਆਫ ਇੰਸਟੀਚਿਊਟ. ਫੇਜ਼-2 ਮੋਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਐਸ. ਏ. ਐਸ. ਨਗਰ ਸੇਵਾਵਾਂ ਸ਼੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਦੇ ਗਿੱਧਾ, ਭੰਗੜਾ, ਲੋਕ ਗੀਤ, ਵਾਰ ਗਾਇਨ, ਭਾਸ਼ਣ, ਕਵੀਸ਼ਰੀ, ਮੋਨੋ-ਐਕਟਿੰਗ, ਪੁਰਾਤਨ ਪਹਿਰਾਵਾ ਅਤੇ ਟ੍ਰੇਡੀਸ਼ਨਲ ਆਰਟ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਕਰਵਾਏ ਜਾ ਰਹੇ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਯੂਥ ਕਲੱਬਾਂ, ਕਾਲਜਾਂ/ਸਕੂਲਾਂ ਦੇ ਵਿਦਿਆਰਥੀ ਅਤੇ ਗੈਰ ਵਿਦਿਆਰਥੀ ਨੌਜਵਾਨ ਲੜਕੇ-ਲੜਕੀਆਂ, ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਵਿਚਕਾਰ ਹੈ, ਭਾਗ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ 19 ਮਾਰਚ ਨੂੰ ਯੁਵਕ ਮੇਲੇ ਦੇ ਪਹਿਲੇ ਦਿਨ ਵਾਰ ਗਾਇਨ, ਕਵੀਸ਼ਰੀ ਭਾਸ਼ਣ, ਮੋਨੋ-ਐਕਟਿੰਗ, ਬੇਕਾਰ ਵਸਤੂਆਂ ਦਾ ਸਦਉਪਯੋਗ, ਪੀੜੀ ਬੁਣਨਾ, ਛਿੱਕੂ ਬੁਣਨਾ, ਨਾਲੇ ਬੁਣਨਾ, ਫੁਲਕਾਰੀ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 20 ਮਾਰਚ ਨੂੰ ਦੂਜੇ ਦਿਨ ਗਿੱਧਾ, ਭੰਗੜਾ, ਲੋਕ ਸਾਜ਼, ਲੋਕ ਗੀਤ, ਪੁਰਾਤਨ ਪਹਿਰਾਵਾ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਦੀਆਂ ਜੇਤੂ ਟੀਮਾਂ ਨੂੰ 25 ਤੋਂ 27 ਮਾਰਚ ਤੱਕ ਚੰਡੀਗੜ੍ਹ ਵਿਖੇ ਹੋਣ ਵਾਲੇ ਰਾਜ ਪੱਧਰੀ ਯੁਵਕ ਮੇਲੇ ਵਿੱਚ ਭਾਗ ਲੈਣ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਜਾਂ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76 ਦੇ ਕਮਰਾ ਨੰ. 511, 512 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।