ਮੋਗਾ, 19 ਮਾਰਚ - ਲੰਘੇ ਦਿਨ ਪੰਜਾਬ ਦੇ ਮੋਗਾ ਜ਼ਿਲ੍ਹਾ ਤੋਂ ਜੇ. ਐਂਡ. ਕੇ. 18 ਰਾਈਫ਼ਲ ਬਟਾਲੀਅਨ ਦੇ ਜਵਾਨ ਕਰਮਜੀਤ ਸਿੰਘ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਪੈਂਦੇ ਸੈਕਟਰ ਸੁੰਦਰਬਨੀ ਦੇ ਕੈਰੀ ਬੱਤਲ ਇਲਾਕੇ 'ਚ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਏ ਸਨ। ਅੱਜ ਸ਼ਹੀਦ ਕਰਮਜੀਤ ਸਿੰਘ ਦਾ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਜਨੇਰ ਵਿਖੇ ਕੀਤਾ ਗਿਆ।
ਸ਼ਹੀਦ ਕਰਮਜੀਤ ਸਿੰਘ ਦੇ ਸਸਕਾਰ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਮੋਗਾ ਤੋਂ ਵਿਧਾਇਕ ਡਾ. ਹਰਜੋਤ ਕੰਵਲ, ਸੁਖਜੀਤ ਸਿੰਘ ਕਾਕਾ ਲੋਗੜ ਵਿਧਾਇਕ ਧਰਮਕੋਟ, ਬੀ. ਸੀ. ਮੋਗਾ ਸੰਜੀਵ ਹੰਸ, ਐੱਸ. ਐੱਸ. ਪੀ. ਅਮਰਜੀਤ ਸਿੰਘ ਬਾਜਵਾ, ਫੌਜ ਦੇ ਜਵਾਨ ਅਤੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ। ਇਸ ਮੌਕੇ ਹਾਜ਼ਰ ਹਰੇਕ ਵਿਅਕਤੀ ਵਲੋਂ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਗਈ।