ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 18 ਮਾਰਚ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਗੱਲਬਾਤ ਕਰਦਿਆਂ ਸ: ਜੀ. ਕੇ. ਨੇ ਕਿਹਾ ਕਿ ਨਵੀਂ ਚੁਣੀ ਕਮੇਟੀ ਨੌਜਵਾਨਾਂ ਦੀ ਹੈ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਚੰਗੇ ਕੰਮ ਕਰਨਗੇ।
ਕਮੇਟੀ 'ਤੇ ਕਿੰਤੂ ਪ੍ਰੰਤੂ ਹੋਣ ਸਬੰਧੀ ਪੁੱਛੇ ਜਾਣ 'ਤੇ ਸ: ਮਨਜੀਤ ਸਿੰਘ ਜੀ. ਕੇ. ਨੇ ਕਿਹਾ ਜਿਹੜਾ ਵੀ ਸਾਹਮਣੇ ਆਏਗਾ ਉਸ 'ਤੇ ਕਿੰਤੂ ਪ੍ਰੰਤੂ ਜਰੂਰ ਹੋਵੇਗਾ, ਕੁਝ ਮਸਲੇ ਧਾਰਮਿਕ ਮਰਿਆਦਾ ਦੇ ਹਨ, ਜਿਨ੍ਹਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੀ ਕੁਝ ਕਹਿਣਗੇ। ਉਨ੍ਹਾਂ ਦੁਹਰਾਇਆ ਕਿ ਜਦ ਤੱਕ ਉਹ ਦੋਸ਼ ਮੁਕਤ ਨਹੀਂ ਹੁੰਦੇ ਕੋਈ ਵੀ ਅਹੁਦਾ ਨਹੀਂ ਲੈਣਗੇ। ਟਕਸਾਲੀ ਅਕਾਲੀ ਕਰਕੇ ਅਕਾਲੀ ਦਲ ਦੇ ਨੁਕਸਾਨ ਬਾਰੇ ਪੁੱਛੇ ਜਾਣ 'ਤੇ ਸ: ਜੀ. ਕੇ. ਨੇ ਕਿਹਾ ਪਹਿਲਾਂ ਹੀ ਅਕਾਲੀ ਦਲ ਦਾ ਕਈ ਮੁੱਦਿਆਂ ਕਰਕੇ ਨੁਕਸਾਨ ਹੋਇਆ ਹੈ ਅਤੇ ਹੁਣ ਟਕਸਾਲੀ ਅਕਾਲੀ ਆਗੂਆਂ ਕਰਕੇ ਪਾਰਟੀ ਦਾ ਹੋਰ ਨੁਕਸਾਨ ਹੋ ਸਕਦਾ ਹੈ।