ਫਿਰੋਜ਼ਪੁਰ 19 ਮਾਰਚ ( ਗੁਰਿੰਦਰ ਸਿੰਘ ) ਨੌਜਵਾਨਾਂ ਵਿਚ ਬਹੁਮੁੱਲੀ ਸ਼ਖ਼ਸੀਅਤ ਦੀ ਉਸਾਰੀ ਕਰਨ ਦੇ ਮਨੋਰਥ ਨਾਲ ਯੁਵਕ ਸੇਵਾਵਾਂ ਵਿਭਾਗ ਫਿਰੋਜ਼ਪੁਰ ਵੱਲੋਂ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਾਹਲ ਦੀ ਅਗਵਾਈ ਹੇਠ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਆਯੋਜਿਤ ਕੀਤੇ ਜਾ ਰਹੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲੇ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਯੁਵਕ ਮੇਲੇ ਦੇ ਪਹਿਲੇ ਦਿਨ ਡਿਪਟੀ ਕਮਿਸ਼ਨਰ ਚੰਦਰ ਗੈਂਦ ਮੁੱਖ ਮਹਿਮਾਨ ਵਜੋਂ ਤਸ਼ਰੀਫ ਲਿਆਏ ਤੇ ਉਨ੍ਹਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਮੇਲੇ ਦੀ ਆਰੰਭਤਾ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਵਿਰਸੇ ਨਾਲ ਜੋੜਨ ਲਈ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲਿਆਂ ਨੇ ਹੀ ਅੰਤਰਰਾਸ਼ਟਰੀ ਪੱਧਰ ਤੇ ਕਲਾਕਾਰ ਪੈਦਾ ਕੀਤੇ ਹਨ। ਉਨ੍ਹਾਂ ਨੌਜਵਾਨਾਂ ਨੂੰ ਵੱਧ ਚੜ ਕੇ ਇਹੋ ਜਿਹੇ ਮੇਲ੍ਹਿਆ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਅੱਜ ਦੇ ਇਸ ਯੁਵਕ ਮੇਲੇ ਵਿਚ ਗਿੱਧੇ, ਪੁਰਾਤਨ ਪਹਿਰਾਵਾ, ਮੌਨੋ ਐਕਟਿੰਗ, ਲੋਕ-ਸਾਜ਼਼ ਅਤੇ ਲੋਕ ਗੀਤ ਮੁਕਾਬਲੇ ਕਰਵਾਏ ਗਏ ਜਿਹਨਾਂ ਵਿੱਚ 15 ਤੋਂ 35 ਸਾਲ ਯੁਵਕ/ਯੁਵਤੀਆਂ ਵੱਲੋਂ ਭਾਗ ਲਿਆ ਗਿਆ। ਇਨ੍ਹਾਂ ਮੁਕਾਬਲਿਆਂ ਵਿਚੋਂ ਗਿੱਧੇ ਵਿਚ ਪਹਿਲਾ ਸਥਾਨ ਸ਼ਹੀਦ ਭਗਤ ਸਿੰਘ ਸਟੈਟ ਟੈਕਨੀਕਲ ਕੈਂਪਸ ਫਿਰੋਜ਼ਪੁਰ, ਦੂਜਾ ਸਥਾਨ ਸਰਕਾਰੀ ਆਈ.ਟੀ.ਆਈ ਲੜਕੀਆਂ ਜ਼ੀਰਾ ਦਾ ਰਿਹਾ। ਲੋਕ ਗੀਤ ਵਿਚ ਪਹਿਲਾ ਸਥਾਨ ਰਾਧਿਕਾ, ਦੂਜਾ ਸਥਾਨ ਰੁਖਸਾਨਾ ਤੇ ਸੰਨ੍ਹੀ, ਤੀਜੇ ਸਥਾਨ ਤੇ ਸੁਖਮੰਦਰ ਸਿੰਘ ਤੇ ਅਰਵਿੰਦਰ ਸਿੰਘ ਰਹੇ। ਮੋਨੋ ਐਕਟਿੰਗ ਵਿਚ ਪਹਿਲੇ ਸਥਾਨ ਰੀਜ਼ਾ ਤੇ ਦੂਜਾ ਸਥਾਨ ਰਵੀਨ ਕੁਮਾਰ ਨੇ ਹਾਸਲ ਕੀਤਾ। ਲੋਕ ਸਾਜ ਮੁਕਾਬਲੇ ਵਿਚ ਪਹਿਲੇ ਸਥਾਨ ਤੇ ਪਰਮਿੰਦਰ, ਦੂਜੇ ਤੇ ਅਰਵਿੰਦਰ ਅਤੇ ਤੀਜੇ ਤੇ ਤਨਵੀਰ ਰਹੇ। ਇਸੇ ਤਰ੍ਹਾਂ ਪੁਰਾਤਨ ਪਹਿਰਾਵੇ ਵਿਚ ਸੁਖਦੀਪ ਸਿੰਘ, ਦੂਜੇ ਸਥਾਨ ਤੇ ਸੰਦੀਪ ਕੌਰ ਅਤੇ ਤੀਜੇ ਸਥਾਨ ਤੇ ਹਰਮਿਲਨ ਤੇ ਰਾਜਮੀਤ ਰਹੇ । ਇਨ੍ਹਾਂ ਮੁਕਾਬਲਿਆਂ ਵਿਚ ਜੱਜਾਂ ਦੀ ਭੂੂੂੂਮਿਕਾ ਜਸਵਿੰਦਰ ਪਾਲ ਕੌਰ, ਪਾਲ ਸਿੰਘ ਸੰਧੂ ਅਤੇ ਮਨਿੰਦਰ ਕੌਰ ਵੱਲੋਂ ਨਿਭਾਈ ਗਈ। ਮੇਲੇ ਦੌਰਾਨ ਗਾਇਕ ਹਰਿੰਦਰ ਸਿੰਘ ਸੰਧੂ ਵੱਲੋਂ ਆਪਣੇ ਸਭਿਆਚਾਰਕ ਗੀਤਾਂ ਰਾਹੀਂ ਸਮੂਹ ਹਾਜ਼ਰੀਨ ਦਾ ਮਨੋਰੰਜਨ ਕੀਤਾ ਗਿਆ।
ਪ੍ਰੋਗਰਾਮ ਦੀ ਸਮਾਪਤੀ ਮੌੌਕੇ ਸਹਾਇਕ ਕਮਿਸ਼ਨਰ ਰਣਜੀਤ ਸਿੰਘ ਤਸ਼ਰੀਫ ਲਿਆਏ ਤੇ ਉਨ੍ਹਾਂ ਜੇਤੂਆਂ ਨੂੰ ਇਨਾਮ ਵੰਡੇ। ਸਟੇਜ ਸੈਕਟਰੀ ਦੀ ਭੂਮਿਕਾ ਜਸਬੀਰ ਜੱਸੀ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਪ੍ਰੋਫੈਸਰ ਗੁਰਪ੍ਰੀਤ ਸਿੰਘ, ਯਸ਼ਪਾਲ ਸਿੰਘ ਤੇ ਮੈਡਮ ਨਵਦੀਪ ਕੌਰ, ਪ੍ਰਿੰਸੀਪਲ ਜਗਦੀਪ ਪਾਲ ਸਿੰਘ, ਪ੍ਰਿੰਸੀਪਲ ਗੁਲਾਬ ਸਿੰਘ, ਪ੍ਰੋਗਰਾਮ ਅਫ਼ਸਰ ਅੰਗਰੇਜ਼ ਸਿੰਘ ਤੇ ਮਨਜੀਤ ਸਿੰਘ, , ਮੈਡਮ ਤਰਨਜੀਤ ਕੌਰ, ਸੁਭਾਸ਼ ਪਿੰਡੀ, ਬਲਕਾਰ ਸਿੰਘ, ਬਲਦੇਵ ਰਾਜ, ਸੁਰਜੀਤ ਗਿੱਲ, ਸੁਖਵਿੰਦਰ ਸੁਖਾ, ਅਮਰਜੀਤ ਸਿੰਘ, ਜਸਬੀਰ ਜੱਸੀ ਆਦਿ ਹਾਜ਼ਰ ਸਨ।