ਫਿਰੋਜ਼ਪੁਰ 19 ਮਾਰਚ ( ਗੁਰਿੰਦਰ ਸਿੰਘ) ਸ਼ਹੀਦੇ ਏ ਆਜ਼ਮ ਸ੍ਰ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਹੁਸੈਨੀਵਾਲਾ ਵਿਖੇ 23 ਮਾਰਚ ਨੂੰ ਹੋਣ ਵਾਲੇ ਸ਼ਹੀਦੀ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਹੁਸੈਨੀਵਾਲਾ ਬਾਰਡਰ ਪਹੁੰਚੇ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਵੱਲੋਂ ਮੇਲੇ ਸਬੰਧੀ ਕੀਤੇ ਜਾਣ ਵਾਲੇ ਕੰਮਾਂ ਦਾ ਰੀਵਿਊ ਵੀ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 23 ਮਾਰਚ ਸ਼ਹੀਦੀ ਦਿਵਸ ਮੇਲੇ ਵਿੱਚ ਆਉਣ ਜਾਣ ਲਈ ਲੋਕਾਂ ਦੀ ਸੁਵਿਧਾ ਲਈ ਫਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਰੇਲਵੇ ਸਟੇਸ਼ਨ ਤੋਂ ਸਵੇਰੇ 9 ਵਜੇਂ ਤੋਂ ਸ਼ਾਮ 6 ਵਜੇਂ ਤੱਕ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਸੇ ਤਰ੍ਹਾਂ ਪੰਜਾਬ ਰੋਡਵੇਜ ਦੇ ਜਨਰਲ ਮੈਨੇਜਰ ਨੂੰ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਤੋਂ ਮੇਲੇ ਵੀ ਆਉਣ ਜਾਣ ਲਈ ਸਪੈਸ਼ਲ ਬੱਸਾਂ ਚਲਾਉਣ ਦਾ ਇੰਤਜ਼ਾਮ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਪੀ.ਡਬਲਯੂ ਡੀ. ਅਤੇ ਪੁਲਿਸ ਵਿਭਾਗ ਵੱਲੋਂ ਮੇਲੇ ਦੇ ਨਜ਼ਦੀਕ ਪਾਰਕਿੰਗ ਤਿਆਰ ਕੀਤੀ ਜਾਵੇਗੀ, ਜਿਸ ਨਾਲ ਮੇਲੇ ਵਿੱਚ ਲੋਕਾਂ ਨੂੰ ਆਪਣੀਆਂ ਗੱਡੀਆਂ ਖੜ੍ਹੀਆ ਕਰਨ ਵਿੱਚ ਸੁਵਿਧਾ ਮਿਲੇਗੀ। ਇਸੇ ਤਰ੍ਹਾਂ ਮੇਲੇ ਵਾਲੇ ਸਥਾਨ ਤੇ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇਗਾ ਜਿੱਥੇ ਟੈਲੀਫੋਨ ਦੀ ਸੁਵਿਧਾ ਹੋਵੇਗੀ। ਇਸ ਤੋਂ ਇਲਾਵਾ ਮੇਲੇ ਵਿੱਚ ਮੈਡੀਕਲ, ਦਵਾਈਆਂ, ਐਬੂਲੈਂਸ, ਪੀਣ ਵਾਲਾ ਪਾਣੀ, ਸਫਾਈ ਅਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਵਿੱਚ ਸਤਲੁਜ ਦਰਿਆ ਵਿੱਚ ਨਹਾਉਣ ਤੇ ਪੂਰਨ ਪਾਬੰਦੀ ਹੋਵੇਗੀ। ਇਸ ਦੀ ਨਿਗਰਾਨੀ ਅਤੇ ਸੁਰੱਖਿਆ ਲਈ 10 ਗੋਤਾਖੋਰ ਵੀ ਤੈਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ 10 ਪਖਾਨਿਆਂ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹੁਸੈਨੀਵਾਲਾ ਵਿਖੇ ਆਉਣ ਵਾਲੇ ਲੋਕਾਂ ਲਈ ਸਤਲੁਜ ਦਰਿਆ ਤੋਂ ਬਣੇ ਪੁਲ ਤੋਂ ਹੀ ਦੇਸ਼ ਭਗਤੀ ਦੇ ਗੀਤ ਸੁਣਨੇ ਸ਼ੁਰੂ ਹੋ ਜਾਣਗੇ, ਜਿਸ ਲਈ ਪੁੱਲ ਦੇ ਦੋਵਾ ਪਾਸਿਆਂ ਤੇ ਸਪੀਕਰ ਲਗਾਏ ਜਾਣਗੇ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵੱਲੋਂ ਬਿਜਲੀ ਦੀ ਨਿਰਵਿਘਨ ਸਪਲਾਈ ਕਰਨ ਲਈ ਕਿਹਾ ਅਤੇ ਨਾਲ ਹੀ ਵਾਧੂ ਜਨਰੇਟਰ ਦਾ ਪ੍ਰਬੰਧ ਕਰਨ ਲਈ ਵੀ ਕਿਹਾ। ਸ਼ਹੀਦੀ ਸਮਾਰਕ ਤੇ ਬਣੇ ਤਲਾਬ ਦੀ ਸਫਾਈ ਲਈ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਮੇਲੇ ਵਿੱਚ ਖੇਤੀਬਾੜੀ, ਸਿਹਤ, ਪਸ਼ੂ ਪਾਲਣ, ਬਾਗਬਾਨੀ, ਮਾਰਕਫੈੱਡ, ਡੇਅਰੀ ਵਿਭਾਗ, ਲੀਡ ਬੈਂਕ, ਉਦਯੋਗ ਆਦਿ ਵਿਭਾਗਾਂ ਨੂੰ ਪ੍ਰਦਰਸ਼ਨੀਆਂ ਦੇ ਸਟਾਲ ਲਗਾਉਣ ਦਾ ਨਿਰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਡਵੀਜ਼ਨਲ ਰੇਲਵੇ ਮੈਨੇਜਰ ਵਿਭਾਗ ਵੱਲੋਂ ਹੁਸੈਨੀਵਾਲਾ ਰੇਲਵੇ ਸਟੇਸ਼ਨ ਦੇ ਇਤਿਹਾਸ ਨੂੰ ਲੈ ਕੇ ਵੱਡਾ ਹੋਰਡਿੰਗਜ਼ ਲਗਾਇਆ ਜਾਵੇਗਾ, ਜਿਸ ਵਿੱਚ ਹੁਸੈਨੀਵਾਲਾ ਤੋਂ ਲੈ ਕੇ ਲਾਹੌਰ ਤੇ ਪਿਸ਼ਾਵਰ ਨੂੰ ਜਾਣ ਵਾਲੀਆਂ ਗੱਡੀਆਂ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਵਿਭਾਗਾਂ ਦੇ ਅਧਿਕਾਰੀ ਆਪਣੇ ਨਾਲ ਸਬੰਧਿਤ ਕੰਮਾਂ ਨੂੰ ਜਿੰਮੇਵਾਰੀ ਤੇ ਇਮਾਨਦਾਰੀ ਨਾਲ ਕਰਨ ਤੇ ਇਸ ਕੰਮ ਵਿੱਚ ਕਿਸੇ ਤਰ੍ਹਾਂ ਕਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ.) ਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰਪਾਲ ਸਿੰਘ ਸੰਧੂ, ਐੱਸ.ਡੀ.ਐੱਮ. ਅਮਿਤ ਗੁਪਤਾ, ਸਹਾਇਕ ਕਮਿਸ਼ਨਰ ਰਣਜੀਤ ਸਿੰਘ, ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।