ਪਟਿਆਲਾ, 20 ਮਾਰਚ 2019 : ਪਿਛਲੇ ਦਿਨੀਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵੱਲੋਂ ਕਰਵਾਏ ਸਾਫ਼ਟਵੇਅਰ ਮੁਕਾਬਲੇ ਵਿਚ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਦੇ ਵਰਡ ਪ੍ਰੋਸੈੱਸਰ 'ਅੱਖਰ-2016' ਨੂੰ ਸਰਬੋਤਮ ਸਾਫ਼ਟਵੇਅਰ ਦਾ ਸਨਮਾਨ ਹਾਸਿਲ ਹੋਇਆ। ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਦੇ ਵਿਕਾਸ ਲਈ ਪ੍ਰੇਰਿਤ ਕਰਨ ਲਈ ਸਾਇੰਸ ਸਿਟੀ ਵੱਲੋਂ ਇਨੂ-ਟੈਕ 2019 ਤਹਿਤ 18 ਅਤੇ 19 ਮਾਰਚ ਨੂੰ ਮੁਕਾਬਲੇ ਕਰਵਾਏ ਗਏ।
ਅੱਖਰ ਸਾਫ਼ਟਵੇਅਰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੋਜ ਕੇਂਦਰ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਡਾ. ਅੰਕੁਰ ਰਾਣਾ, ਡਾ. ਤੇਜਿੰਦਰ ਸਿੰਘ ਸੈਣੀ ਸਮੇਤ ਲਗਭਗ 20 ਵਿਗਿਆਨੀਆਂ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਲ ਹੀ ਵਿੱਚ ਸੰਪੰਨ ਹੋਏ ਇੰਟਰਨੈਸ਼ਨਲ ਕਾਨਫ਼ਰੰਸ ਆਨ ਨੈਚੂਰਲ ਲੈਂਗੂਏਜ ਪ੍ਰੋਸੈਸਿੰਗ (ICON-2018) ਵਿੱਚ ਆਯੋਜਿਤ ਸਾਫ਼ਟਵੇਅਰ ਮੁਕਾਬਲੇ ਵਿੱਚ ਵੀ ਅੱਖਰ 2016 ਨੂੰ ਸਰਵੋਤਮ ਸਾਫ਼ਟਵੇਅਰ ਚੁਣਿਆ ਗਿਆ ਸੀ ।
ਡਾ. ਲਹਿਲ ਅਨੁਸਾਰ ਅੱਖਰ-2016 ਹੁਣ ਤੱਕ ਦਾ ਸਭ ਤੋਂ ਪਹਿਲਾ ਤੇ ਸ਼ਕਤੀਸ਼ਾਲੀ ਵਰਡ ਪ੍ਰੋਸੈੱਸਰ ਹੈ ਜਿਸ ਵਿਚ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਟਾਈਪ ਕਰਨਾ, ਸਪੈੱਲ ਚੈੱਕ ਅਤੇ ਗਰੈਮਰ ਚੈੱਕ ਕਰਨ ਬੜਾ ਅਸਾਨ ਹੈ। ਇਹ ਸਾਫ਼ਟਵੇਅਰ ਪੂਰੀ ਤਰਾਂ ਯੂਨੀਕੋਡ ਸਿਸਟਮ ਵਿਚ ਕੰਮ ਕਰਨ ਦੇ ਸਮਰੱਥ ਹੈ। ਇਸ ਵਿਚ ਗੁਰਮੁਖੀ, ਸ਼ਾਹਮੁਖੀ, ਰੋਮਨ, ਦੇਵਨਾਗਰੀ ਆਦਿ ਲਿਪੀਆਂ ਅਤੇ ਪੰਜਾਬੀ, ਹਿੰਦੀ ਆਦਿ ਭਾਸ਼ਾਵਾਂ ਨੂੰ ਆਪਸ ਵਿਚ ਬਦਲਿਆ ਜਾ ਸਕਦਾ ਹੈ। ਤਸਵੀਰ ਰੂਪ ਤੋਂ ਟਾਈਪ ਰੂਪ ਕਨਵਰਟਰ (ਓਸੀਆਰ) ਉੱਚ ਗੁਣਵੱਤਾ ਨਾਲ ਕੰਮ ਕਰ ਰਿਹਾ ਹੈ। ਇਸ ਵਿਚ ਫੌਂਟ ਕਨਵਰਟਰ, ਪੰਜਾਬੀ ਅੰਗਰੇਜ਼ੀ ਕੋਸ਼ ਦੀ ਸੁਵਿਧਾ ਵੀ ਸ਼ੁਮਾਰ ਹੈ। ਇਹ ਸਾਫ਼ਟਵੇਅਰ ਟਾਈਪਕਾਰਾਂ, ਪ੍ਰਬੰਧਕਾਂ, ਲੇਖਕਾਂ, ਪੱਤਰਕਾਰਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇਕ ਕੀਮਤੀ ਤੋਹਫ਼ਾ ਹੈ। ਇਸ ਵਕਤ 50 ਤੋਂ ਵੱਧ ਦੇਸ਼ਾਂ ਤੋਂ ਵਰਤੋਂਕਾਰ ਅੱਖਰ 2016 ਨੂੰ ਆਪਣੇ ਕੰਮ ਲਈ ਵਰਤ ਰਹੇ ਹਨ।
ਸਾਫ਼ਟਵੇਅਰ ਨੂੰ ਵੈੱਬਸਾਈਟ www.akhariwp.com ਤੋਂ ਮੁਫ਼ਤ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ।