ਡਿਪਟੀ ਕਮਿਸ਼ਨਰ ਸ਼੍ਰੀ ਪ੍ਰਸ਼ਾਂਤ ਕੁਮਾਰ ਗੋਇਲ ਦੀ ਮੌਜੂਦਗੀ ਵਿੱਚ ਸੋਹਣ ਫਾਰਮ ਫਤਹਿਗੜ੍ਹ ਸਾਹਿਬ ਵਿਖੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਸਾਲ 2019-20 ਲਈ ਸ਼ਰਾਬ ਦੇ ਠੇਕਿਆਂ ਦੇ ਡਰਾਅ ਕੱਢੇ ਜਾਣ ਦਾ ਦ੍ਰਿਸ਼ ।
ਫਤਹਿਗੜ੍ਹ ਸਾਹਿਬ , 20 ਮਾਰਚ:(ਦੀਦਾਰ ਗੁਰਨਾ ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਦੇਸੀ ਅਤੇ ਅੰਗਰੇਜੀ ਸ਼ਰਾਬ ਦੇ ਠੇਕਿਆਂ ਲਈ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਆਬਜ਼ਰਬਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਸ਼ਾਂਤ ਕੁਮਾਰ ਗੋਇਲ ਦੀ ਦੇਖ ਰੇਖ ਹੇਠ ਸੋਹਣ ਫਾਰਮ, ਸਰਹਿੰਦ ਵਿਖੇ ਡਰਾਅ ਕੱਢੇ ਗਏ ਅਤੇ ਇਸ ਕੰਮ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਗਈ। ਠੇਕਿਆਂ ਦੇ ਡਰਾਅ ਵੇਲੇ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਸ਼੍ਰੀਮਤੀ ਨਵਦੀਪ ਕੌਰ ਭਿੰਡਰ, ਵਧੀਕ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਚਰਨਜੀਤ ਸਿੰਘ, ਐਸ.ਪੀ. (ਜਾਂਚ) ਸ. ਹਰਪਾਲ ਸਿੰਘ, ਡੀ.ਐਸ.ਪੀ. (ਹੈ/ਕੁ) ਸ਼੍ਰੀ ਹਰਦੀਪ ਸਿੰਘ ਅਤੇ ਆਬਕਾਰੀ ਤੇ ਕਰ ਅਫਸਰਾਂ ਦੇ ਨਾਲ ਆਬਕਾਰੀ ਤੇ ਕਰ ਨਰੀਖਕ ਵੀ ਮੌਜੂਦ ਰਹੇ।
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਠੇਕਿਆਂ ਲਈ ਕੱਢੇ ਗਏ ਡਰਾਅ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਕਰ ਅਤੇ ਆਬਕਾਰੀ ਸ਼੍ਰੀ ਮਗਨੇਸ਼ ਸੇਠੀ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਠੇਕਿਆਂ ਦੀ ਅਲਾਟਮੈਂਟ ਸ਼ਾਂਤੀ ਪੂਰਬਕ 20 ਡਰਾਅ ਰਾਹੀਂ ਮੁਕੰਮਲ ਹੋਈ ਤੇ ਇਸ ਸਾਲ ਲਈ ਕੁੱਲ 3704 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਸ ਤੋਂ 11 ਕਰੋੜ 11 ਲੱਖ 20 ਹਜ਼ਾਰ ਰੁਪਏ ਦੀ ਆਮਦਨ ਹੋਈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਅਰਜੀਆਂ ਤੋਂ ਪ੍ਰਾਪਤ ਆਮਦਨ ਨਾਲੋਂ 348 ਫੀਸਦੀ ਵੱਧ ਹੈ। ਉਨ੍ਹਾਂ ਦੱਸਿਆ ਕਿ ਸਾਲ 2019-20 ਲਈ ਠੇਕਿਆਂ ਤੋਂ ਸਲਾਨਾਂ 125 ਕਰੋੜ 97 ਲੱਖ ਰੁਪਏ ਦਾ ਮਾਲੀਆ ਇਕੱਤਰ ਹੋਵੇਗਾ। ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਲਈ 125 ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਆਮ ਲੋਕਾਂ ਤੇ ਮੀਡੀਆ ਦੇ ਸਾਹਮਣੇ ਪਾਰਦਰਸ਼ੀ ਢੰਗ ਨਾਲ ਕੱਢੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਦਿਹਾਤੀ ਖੇਤਰ ਵਿੱਚ 84 ਅਤੇ ਸ਼ਹਿਰੀ ਖੇਤਰ ਵਿੱਚ 41 ਸ਼ਰਾਬ ਦੇ ਠੇਕੇ ਹੋਣਗੇ।