ਪ੍ਰੋ. (ਡਾ.) ਭੁਪਿੰਦਰ ਪਾਲ ਸਿੰਘ ਢੋਟ ਅਤੇ ਬੀ. ਆਰਕ ਦੀ ਵਿਦਿਆਰਥਣ ਮਿਸ ਲਵਪ੍ਰੀਤ ਕੌਰ(ਅਵਾਰਡ ਨਾਲ) ।
ਬਠਿੰਡਾ, 20 ਮਾਰਚ 2019: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਗਿਆਨੀ ਜ਼ੈਲ ਸਿੰਘ ਸਕੂਲ ਆਫ਼ ਆਰਕੀਟੈਕਚਰ ਐਂਡ ਪਲਾਨਿੰਗ ਵਿਭਾਗ ਦੀ ਦੂਜੇ ਸਾਲ ਦੀ ਵਿਦਿਆਰਥਣ ਮਿਸ ਲਵਪ੍ਰੀਤ ਕੌਰ ਨੇ 15ਵੇਂ ਕੌਮੀ ਪੱਧਰ ਦੇ ਡੀਜ਼ਾਇਨ ਮੁਕਾਬਲੇ ਵਿਚ "ਯੁਵਾ ਰਤਨਾ ਅਵਾਰਡ -2019" ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਹੈ। ਮੁੰਬਈ ਵਿਚ ਹੋਏ ਇਸ ਮੁਕਾਬਲੇ ਦਾ ਆਯੋਜਨ ਅਦਿਤਿਆ ਬਿਰਲਾ ਗਰੁੱਪ ਦੇ ਯੁਨਿਟ ਬਿਰਲਾ ਵਾਈਟ ਸੀਮੈਂਟ ਵਲੋਂ ਕੀਤਾ ਗਿਆ ਸੀ।
ਲਵਪ੍ਰੀਤ ਕੌਰ ਨੇ ਆਦੀਵਾਸੀ ਭਾਈਚਾਰੇ ਦੇ ਬੱਚਿਆਂ ਲਈ ਕੇਰਲਾ ਦੇ ਹਾਲਤਾਂ ਮੁਤਾਬਿਕ ਇਕ ਆਂਗਨਵਾੜੀ ਦਾ ਡੀਜ਼ਾਇਨ ਤਿਆਰ ਕੀਤਾ ਸੀ। ਇਹ ਡੀਜ਼ਾਇਨ ਕੇਰਲਾ ਦੇ ਜਲਵਾਯੂ ਦੀਆਂ ਸਥਿਤੀਆਂ, ਸਥਾਨਿਕ ਤੌਰ ਤੇ ਉਪਲਬਧ ਸਮੱਗਰੀ ਅਤੇ ਆਦੀਵਾਸੀਆਂ ਦੀ ਜੀਵਨ ਸ਼ੈਲੀ ਦੇ ਨਾਲ-ਨਾਲ ਸਥਾਨ ਦੀ ਭੂਗੋਲਿਕਤਾ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਸੀ। ਜਿਊਰੀ ਦੇ ਮੈਂਬਰਾਂ ਨੇ ਯੂਨੀਵਰਸਿਟੀ ਦੇ ਵਿਦਿਆਰਥੀ ਵਲੋਂ ਤਿਆਰ ਕੀਤੇ ਡਿਜ਼ਾਈਨ ਤੋਂ ਬੇਹੱਦ ਪ੍ਰਭਾਵਤ ਹੁੰਦਿਆਂ ਇਸਨੂੰ ਸਰਵੌਤਮ ਐਲਾਨਿਆ।
ਅਵਾਰਡ ਵਿਚ ਇਕ ਟਰਾਫੀ, ਸਰਟੀਫਿਕੇਟ ਅਤੇ ਪ੍ਰਸ਼ੰਸਾ ਪੱਤਰ ਸ਼ਾਮਲ ਹਨ। ਇਹ ਅਵਾਰਡ ਮੁੰਬਈ ਵਿਖੇ 15 ਮਾਰਚ ਨੂੰ ਆਯੋਜਿਤ ਇੱਕ ਖਾਸ ਸਮਾਗਮ ਦੌਰਾਨ ਵਿਦਿਆਰਥੀ ਗਾਈਡ ਪ੍ਰੋ. ਭੁਪਿੰਦਰ ਪਾਲ ਸਿੰਘ ਢੋਟ ਅਤੇ ਮਿਸ. ਲਵਪ੍ਰੀਤ ਕੌਰ ਨੇ ਹਾਸਿਲ ਕੀਤੇ।
ਇਹ ਡੀਜ਼ਾਇਨ ਮੁਕਾਬਲਾ ਭਾਰਤੇ ਦੇ ਸਭ ਤੋਂ ਮਸ਼ਹੂਰ ਸਲਾਨਾ ਡੀਜ਼ਾਇਨ ਪ੍ਰਤੀਯੋਗਿਤਾਵਾਂ ਵਿਚੋਂ ਇਕ ਹੈ, ਜੋ ਅੱਜ ਦੇ ਉਭਰ ਰਹੇ ਆਰਕੀਟੈਕਟਾਂ ਨੂੰ ਕਲਪਨਾਵਾਂ ਅਤੇ ਸਿਰਜਣਾਤਮਕਤਾ ਦੇ ਖੰਭਾਂ ਨੂੰ ਉਡਾਉਣ ਲਈ ਪ੍ਰੇਰਤ ਕਰਦਾ ਹੈ। ਯੁਵਾ ਰਤਨਾ ਉਭਰਦੇ ਆਰਕੀਟੈਕਚਰਾਂ ਲਈ ਇਕ ਪਲੇਟਫਾਰਮ ਹੈ, ਜੋ ਕਿ ਉਹਨਾਂ ਦੇ ਗਿਆਨ ਵਿਚ ਅਥਾਹ ਵਾਧਾ ਕਰਦਾ ਹੈ।
ਇਸ ਮੁਕਾਬਲੇ ਲਈ ਲੱਗਭਗ 2000 ਐਂਟਰੀਆਂ ਆਇਆਂ, ਜਿਸ ਵਿਚ ਦੇਸ਼ ਭਰ ਦੇ ਪ੍ਰਮੁੱਖ 100 ਤੋਂ ਵੱਧ ਆਰਕੀਟੈਕਚਰਾਂ ਕਾਲਜਾਂ ਦੇ 5000 ਵਿਦਿਆਰਥੀਆਂ ਨੇ ਹਿੱਸਾ ਲਿਆ। ਦੇਸ਼ ਦੇ ਪ੍ਰਸਿੱਧ ਆਰਕੀਟੈਕਟਾਂ ਦੀ ਜਿਊਰੀ ਨੇ ਅਵਾਰਡਾਂ ਦਾ ਐਲਾਨ ਕੀਤਾ। ਇਸ ਮੁਕਾਬਲੇ ਵਿਚ ਗਿਆਨੀ ਜ਼ੈਲ ਸਿੰਘ ਕਾਲਜ ਦੇ ਪਹਿਲੇ, ਦੂਜੇ ਅਤੇ ਚੌਥੇ ਸਾਲ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਗਿਆਨੀ ਜ਼ੈਲ ਸਿੰਘ ਸਕੂਲ ਆਫ਼ ਆਰਕੀਟੈਕਚਰ ਦੀ ਯੋਜਨਾਬੰਦੀ ਅਤੇ ਆਰਕੀਟੈਕਚਰ ਦੀ ਵਿਜੇਤਾ ਟੀਮ ਨੇ ਕੌਮੀ ਪੱਧਰ ਤੇ ਚੌਥੀ ਵਾਰ ਅਵਾਰਡ ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਹੈ। ਵੱਖ-ਵੱਖ ਸਾਲਾਂ ਲਈ ਤਿਆਰ ਕੀਤੇ ਡਿਜ਼ਾਈਨ ਇੰਚਾਰਜ ਡਾ. ਜਤਿੰਦਰ ਕੌਰ, ਡਾ. ਭੁਪਿੰਦਰ ਪਾਲ ਸਿੰਘ ਅਤੇ ਪ੍ਰੋ. ਕਪਿਲ ਅਰੋੜਾ ਨੇ ਇਸ ਸਫਲਤਾ ਲਈ ਸਿਰਤੋੜ ਮਿਹਨਤ ਕੀਤੀ ਹੈ।
ਡਿਜ਼ਾਈਨ ਪ੍ਰੋਜੈਕਟ ਨੂੰ ਟੀਮ ਗਾਈਡ ਪ੍ਰੋਫੈਸਰ ਭੁਪਿੰਦਰ ਪਾਲ ਸਿੰਘ ਢੋਟ ਵਲੋਂ ਸਟੂਡੀਓ ਡਿਜ਼ਾਈਨ ਸਮੱਸਿਆ ਵਜੋਂ ਪੇਸ਼ ਕੀਤਾ ਗਿਆ ਸੀ। ਡਿਜ਼ਾਈਨ ਪ੍ਰਾਜੈਕਟਾਂ ਨੂੰ ਪ੍ਰੋਫੈਸਰ ਭੁਪਿੰਦਰ ਪਾਲ ਸਿੰਘ ਢੋਟ, ਕਾਜਲ ਹਾਂਡਾ ਅਤੇ ਆਰਕੀਟੈਕਚਰ ਲਕਸ਼ੈ ਗੋਇਲ ਨੇ ਰੂਪ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।
ਆਰਕੀਟੈਕਚਰ ਵਿਭਾਗ ਦੇ ਮੁਖੀ ਪ੍ਰੋ. ਰਿਪੁ ਦਮਨ ਸਿੰਘ ਨੇ ਕਿਹਾ ਕਿ ਇਹ ਇਵੈਂਟ ਕੌਮੀ ਪੱਧਰ ਤੇ ਪ੍ਰਭਾਵਸ਼ਾਲੀ ਪਲੇਟਫਾਰਮ ਪ੍ਰਦਾਨ ਕਰਦੇ ਹਨ ਅਤੇ ਵਿਦਿਆਰਥੀਆਂ ਦੀ ਪ੍ਰਾਪਤੀ ਮਾਣ ਵਾਲੀ ਗੱਲ ਹੈ।
ਕੈਂਪਸ ਦੇ ਡਾਇਰੈਕਟਰ, ਡਾ. ਸਵੀਨਾ ਬਾਂਸਲ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. (ਡਾ.) ਜਸਬੀਰ ਸਿੰਘ ਹੁੰਦਲ ਨੇ ਕੌਮੀ ਪੱਧਰ ਦੇ ਮੁਕਾਬਲੇ ਵਿਚ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ।
ਵਾਈਸ ਚਾਂਸਲਰ, ਪ੍ਰੋ. ਮੋਹਨ ਪਾਲ ਸਿੰਘ ਈਸ਼ਰ ਨੇ ਸ਼ਾਨਦਾਰ ਪ੍ਰਦਰਸ਼ਨ ਨੂੰ ਇਕ ਅਹਿਮ ਪ੍ਰਾਪਤੀ ਦੱਸਦਿਆਂ ਵਿਭਾਗ ਅਤੇ ਜੇਤੂਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਹ ਪੁਰਸਕਾਰ ਭਰੋਸੇਮੰਦ ਪੇਸ਼ੇਵਰਾਂ ਦੀ ਉਸਾਰੀ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ।