ਨਵੀਂ ਦਿੱਲੀ 20 ਮਾਰਚ 2019 : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੇ ਖਿਲਾਫ ਲੱਗੇ ਭ੍ਰਿਸ਼ਟਾਚਾਰ ਦੇ ਆਰੋਪਾਂ ਬਾਅਦ ਦਰਜ ਹੋਈ ਐਫਆਈਆਰ ਮਾਮਲੇ ’ਚ ਦਿੱਲੀ ਪੁਲਿਸ ਵੱਲੋਂ ਕੱਲ ਕਲੋਜਰ ਰਿਪੋਰਟ ਦਾਖਲ ਕਰਨ ਤੋਂ ਬਾਅਦ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਸ਼ਿਕਾਇਤਕਰਤਾ ਦੀ ਸੋਚ ਅਤੇ ਵਿਵਹਾਰ ਨੂੰ ਲੈ ਕੇ ਸਵਾਲ ਚੁੱਕੇ। ਅਦਾਲਤ ਦੇ ਆਦੇਸ਼ ’ਤੇ ਆਪਣੇ ਖਿਲਾਫ ਐਫਆਈਆਰ ਦਰਜ ਹੋਣ ਦੇ ਤਿੰਨ ਮਹੀਨੇ ਤਕ ਚੁੱਪ ਰਹੇ ਜੀ.ਕੇ. ਨੇ ਆਰੋਪਾਂ ਦੇ ਪਿੱਛੇ ਵੱਡੀ ਸਾਜਿਸ਼ ਹੋਣ ਦਾ ਵੀ ਸ਼ੱਕ ਜਤਾਇਆ।
ਜੀ.ਕੇ. ਨੇ ਕਿਹਾ ਕਿ ਇੱਕ ਪਾਸੇ ਤਾਂ 1984 ਸਿੱਖ ਕਤਲੇਆਮ ਦਾ ਆਰੋਪੀ ਜਗਦੀਸ਼ ਟਾਈਟਲਰ ਮੇਰੇ ਖਿਲਾਫ ਐਫਆਈਆਰ ਦਰਜ ਕਰਵਾਉਂਦਾ ਹੈ ਤੇ ਦੂਜੇ ਪਾਸੇ ਕਮੇਟੀ ਮੈਂਬਰ ਗੁਰਮੀਤ ਸਿੰਘ ਸ਼ੰਟੀ ਮੇਰੇ ’ਤੇ ਟਾਈਟਲਰ ਦੀ ਸਟਿੰਗ ਵੀਡੀਓ ਜਾਰੀ ਕਰਨ ਦੇ ਬਦਲੇ ਕਰੋੜਾਂ ਰੁਪਏ ਲੈਣ ਦਾ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਉਂਦਾ ਹੈ। ਪਰ ਅਦਾਲਤ ’ਚ ਇਸ ਦੋਸ਼ ’ਤੇ ਕੋਈ ਸਬੂਤ ਸਾਹਮਣੇ ਨਹੀਂ ਰੱਖਦਾ। ਅਖੀਰ ਟਾਈਟਲਰ-ਸ਼ੰਟੀ ਦਾ ਇਹ ਰਿਸ਼ਤਾ ਕੀ ਕਹਾਉਂਦਾ ਹੈ ? ਇੱਕ ਪਾਸੇ ਕਤਲੇਆਮ ਦੇ ਦੂਜੇ ਵੱਡੇ ਆਰੋਪੀ ਸੱਜਨ ਕੁਮਾਰ ਨੂੰ ਅਸੀ ਜੇਲ੍ਹ ਭਿਜਵਾਉਂਦੇ ਹਾਂ ਤੇ ਟਾਈਟਲਰ ਨੂੰ ਜੇਲ੍ਹ ਭਿਜਵਾਉਣ ਦੀ ਤਿਆਰੀ ਕਰਦੇ ਹਾਂ। ਪਰ ਇਸ ’ਚ ਮੇਰੀ ਪੰਥ ਪ੍ਰਤੀ ਵਫਾਦਾਰੀ ’ਤੇ ਸਵਾਲ ਚੁੱਕਣ ਨੂੰ ਲੈ ਕੇ ਸ਼ੰਟੀ ਜਿਆਦਾ ਉਤਸ਼ਾਹ ’ਚ ਕਾਤਲਾਂ ਨੂੰ ਹਿਫਾਜ਼ਤ ਦੇਣ ਦੀ ਮੁਹਿੰਮ ਦੇ ਝਾੜੂਬਰਦਾਰ ਬਣਦੇ ਨਜ਼ਰ ਕਿਉਂ ਆਉਂਦੇ ਹਨ ?
ਜੀ.ਕੇ. ਨੇ ਆਪਣੀ ਕਿਰਦਾਰਕੁਸੀ ਕਰਨ ਦੀ ਸਾਜਿਸ਼ ਰਚਣ ਵਾਲੇ ਸੱਜਣਾਂ ਦਾ ਨਾਮ ਲਏ ਬਿਨਾਂ ਆਪਣੇ ਸਮੇਤ ਸਾਰਿਆਂ ਦਾ ਲਾਈ-ਡਿਟੈਕਟਰ ਟੈਸਟ ਕਰਵਾਉਣ ਦੀ ਦਿੱਲੀ ਪੁਲਿਸ ਨੂੰ ਅਪੀਲ ਕੀਤੀ। ਜੀ.ਕੇ. ਨੇ ਆਪਣੇ ਪਿਤਾ ਅਤੇ ਖੁਦ ਆਪਣੇ ਵੱਲੋਂ ਕੀਤੇ ਗਏ ਪੰਥਕ ਕੰਮਾਂ ਨੂੰ ਵੀ ਆਪਣੇ ਜੋਸ਼ੀਲੇ ਸਿਆਸੀ ਵਿਰੋਧੀਆਂ ਦੀ ਤਤਪਰਤਾ ਨਾਲ ਜੋੜਿਆ। ਜੀ.ਕੇ. ਨੇ ਕਿਹਾ ਕਿ ਗੁਰੂ ਸਾਹਿਬ ਅੱਗੇ ਸੰਗਤਾਂ ਵੱਲੋਂ ਕੀਤੀ ਗਈ ਅਰਦਾਸਾਂ ਨੇ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਬਲ ਦਿੱਤਾ ਹੈ। ਸੰਗਤਾਂ ਦੀ ਅਵਾਜ ਉਹ ਹਮੇਸ਼ਾ ਚੁੱਕਦੇ ਰਹਿਣਗੇ, ਬੇਸ਼ੱਕ ਕਿਸੇ ਪਦ ’ਤੇ ਉਹ ਰਹਿਣ ਜਾਂ ਨਹੀਂ ਰਹਿਣ।
ਜੀ.ਕੇ. ਦੇ ਲੋਕਸਭਾ ਚੋਣ ਲੜਨ ਦੀ ਲਗ ਰਹੀਆਂ ਅਟਕਲਾ ਬਾਰੇ ਪੁੱਛੇ ਗਏ ਸਵਾਲ 'ਤੇ ਬੋਲਦੇ ਹੋਏ ਜੀਕੇ ਨੇ ਕਿਹਾ ਕਿ ਸਿੱਖ ਨੀਤੀ ਅਤੇ ਰਾਜਨੀਤੀ ਨਾਲ ਨਹੀਂ ਚੱਲਦੇ। ਉਹ ਧਰਮ ਨੀਤੀ ਅਤੇ ਸਿਆਸਤ ਨੂੰ ਨਾਲ ਲੈਕੇ ਚਲਣ 'ਚ ਵਿਸ਼ਵਾਸ਼ ਨਹੀਂ ਕਰਦੇ।