ਬਟਾਲਾ, 21 ਮਾਰਚ 2019: ਖੇਤਰੀ ਸਰਸ ਮੇਲਾ ਜਿਥੇ ਲੋਕਾਂ ਲਈ ਖਰੀਦਦਾਰੀ ਅਤੇ ਮੰਨੋਰੰਜਨ ਦਾ ਸਬੱਬ ਬਣਿਆ ਹੋਇਆ ਹੈ ਉਥੇ ਨਾਲ ਹੀ ਜ਼ਿਲਾ ਪ੍ਰਸ਼ਾਸਨ ਵਲੋਂ ਮੇਲੇ ਵਿੱਚ ਆਏ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਪੁਲ ਉਜਵਲ ਦੀ ਅਗਵਾਈ ਹੇਠ ਜ਼ਿਲਾ ਗੁਰਦਾਸਪੁਰ ਵਿੱਚ ਸਵੀਪ ਮੁਹਿੰਮ ਚਲਾਈ ਜਾ ਰਹੀ ਜਿਸ ਤਹਿਤ ਲੋਕਾਂ ਨੂੰ ਵੋਟਿੰਗ ਪ੍ਰੀਕਿ੍ਰਆ ਬਾਰੇ ਜਾਗਰੂਕ ਕਰਨ ਦੇ ਨਾਲ ਆਪਣੀ ਵੋਟ ਦੇ ਹੱਕ ਦੀ ਸਹੀ ਵਰਤੋਂ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਬੀਤੀ ਸ਼ਾਮ ਸਰਸ ਮੇਲੇ ਵਿੱਚ ਬਟਾਲਾ ਦੀ ‘ਆਰਟਿਸਟ ਵੈਲਫੇਅਰ ਸਸਾਇਟੀ ਦੇ ਕਲਾਕਾਰਾਂ ਮਨਜਿੰਦਰ ਸਿੰਘ ਅਤੇ ਕੰਚਨ ਚੌਹਾਨ ਦੀ ਟੀਮ ਵਲੋਂ ‘ਵੋਟ ਅਧਿਕਾਰ ਦਾ ਸਹੀ ਉਪਯੋਗ’ ਵਿਸ਼ੇ ਉੱਪਰ ਇੱਕ ਨਾਟਕ ਖੇਡਿਆ ਗਿਆ। ਇਸ ਨਾਟਕ ਵਿੱਚ ਮੇਲਾ ਦੇਖਣ ਆਏ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਨਾਟਕ ਦੇ ਕਲਾਕਾਰਾਂ ਨੇ ਸਟੇਜ ਉੱਪਰ ਬਹੁਤ ਵਧੀਆ ਢੰਗ ਨਾਲ ਲੋਕਾਂ ਨੂੰ ਵੋਟ ਦੀ ਤਾਕਤ ਬਾਰੇ ਦੱਸਿਆ ਅਤੇ ਹਰੇਕ ਨਾਗਰਿਕ ਨੂੰ ਇਸਦੀ ਵਰਤੋਂ ਕਰਨ ਲਈ ਕਿਹਾ। ਸਾਰੇ ਦਰਸ਼ਕਾਂ ਵਲੋਂ ਇਸ ਨਾਟਕ ਨੂੰ ਬਹੁਤ ਪਸੰਦ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਸਰਸ ਮੇਲੇ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਵੋਟਿੰਗ ਪ੍ਰੀਕਿ੍ਰਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਹਰ ਬੂਥ ਉੱਪਰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਮੇਲੇ ਵਿੱਚ ਆਏ ਲੋਕਾਂ ਨੂੰ ਅਪੀਲ ਕੀਤੀ ਕਿ ਉੇਹ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਜਰੂਰ ਕਰਨ ਤਾਂ ਜੋ ਸਾਡਾ ਲੋਕਤੰਤਰ ਹੋਰ ਵੀ ਮਜਬੂਤ ਹੋਵੇ। ਉਨਾਂ ਨਾਲ ਹੀ ਇਹ ਵੀ ਅਪੀਲ ਕੀਤੀ ਕਿ ਸਾਰੇ ਵੋਟਰ ਬਿਨਾਂ ਕਿਸੇ ਲਾਲਚ, ਡਰ ਦੇ ਆਪਣੀ ਵੋਟ ਪਾਉਣ ਅਤੇ ਆਪਣੀ ਪਸੰਦ ਦੇ ਉਮੀਦਵਾਰ ਨੂੰ ਚੁਣਨ। ਉਨਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਚੋਣਾਂ ਪੂਰੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਾਈਆਂ ਜਾਣਗੀਆਂ ਅਤੇ ਲੋਕਾਂ ਨੂੰ ਇਸ ਵਿੱਚ ਵੱਧ-ਚੱੜ ਕੇ ਭਾਗ ਲੈਣਾ ਚਾਹੀਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਰਣਬੀਰ ਸਿੰਘ ਮੂਧਲ ਨੇ ਵੀ ਮੇਲੇ ਵਿੱਚ ਆਏ ਲੋਕਾਂ ਨੂੰ ਚੋਣਾਂ ਦੌਰਾਨ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀ.ਡੀ.ਪੀ.ਓ. ਲਖਵਿੰਦਰ ਸਿੰਘ ਰੰਧਾਵਾ, ਬੀ.ਡੀ.ਪੀ.ਓ. ਬਟਾਲਾ ਭਗਵਾਨ ਸਿੰਘ, ਹਰਮਨ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਦਮਨਜੀਤ ਸਿੰਘ ਮੈਨੇਜਰ ਛੋਟਾ ਘੱਲੂਘਾਰਾ ਸਮਾਰਕ ਵੀ ਹਾਜ਼ਰ ਸਨ।