ਸ਼ਹਿਰ ਨਿਵਾਸੀਆਂ ਵਲੋਂ ਪੁਲਿਸ ਇੰਤਜ਼ਾਮ ਦੀ ਸਲਾਘਾ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਬਠਿੰਡਾ 21 ਮਾਰਚ, 2019 : ਅੱਜ ਬਠਿੰਡਾ ਵਿਚ ਹੋਲੀ ਦੇ ਤਿਉਹਾਰ ਦੇ ਮੌਕੇ ਬਠਿੰਡਾ ਪੁਲਿਸ ਨੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਪੂਰਾ ਸ਼ਿਕੰਜਾ ਕਸਕੇ ਰੱਖਿਆ, ਜਿਸ ਦੀ ਸ਼ਹਿਰ ਨਿਵਾਸੀਆਂ ਵਲੋਂ ਸਲਾਘਾ ਕੀਤੀ ਗਈ ਹੈ ! ਆਮ ਤੌਰ ਤੇ ਅਜੇਹੇ ਮੌਕੇ, ਕਈ ਵਾਰ ਪੁਲਿਸ ਢਿਲ ਮੱਠ ਦੀ ਨੀਤੀ ਅਖਤਿਆਰ ਕਰ ਲੈਂਦੀ ਤੇ ਸ਼ਰਾਰਤੀ ਅਨਸਰ ਖੁਲੇ ਆਮ ਗੁੰਡਾ ਗਰਦੀ ਕਰਕੇ ਲੋਕ ਉਤੇ, ਖਾਸਕਰ ਲੜਕੀਆਂ ਤੇ ਮਹਿਲਾਵਾਂ ਨੂੰ ਘੇਰ ਕੇ ਰੰਗ ਪਾਉਂਦੇ ਹਨ, ਪਰ ਅੱਜ ਅਜੇਹੀ ਕੋਈ ਘਟਨਾ ਦੇਖਣ ਨੂੰ ਤੇ ਸੁਣਨ ਨੂੰ ਨਹੀਂ ਮਿਲੀ ! ਬਾਬੂਸ਼ਾਹੀ ਦੀ ਟੀਮ ਨੇ ਸ਼ਹਿਰ ਦੇ ਕਈ ਹਿਸਿਆਂ ਦਾ ਦੌਰਾ ਕੀਤਾ ਤੇ ਲੋਕਾਂ ਨਾਲ ਗੱਲਬਾਤ ਕੀਤੀ !
ਅਜੀਤ ਰੋਡ ਦੇ ਨਿਵਾਸੀਆਂ ਨੇ ਗੱਲਬਾਤ ਕਰਦਿਆਂ ਪੁਲਿਸ ਦੀ ਕਾਰਗੁਜਾਰੀ ਦੀ ਸਰਾਹਣਾ ਕੀਤੀ ਤੇ ਇਕ ਕਰਿਆਨਾ ਦੁਕਾਨਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ "ਅੱਜ ਤਾਂ ਪੁਲਿਸ ਨੇ ਸ਼ਰਾਰਤੀ ਮੁੰਡਿਆਂ ਨੂੰ ਖੰਘਣ ਨਹੀਂ ਦਿਤਾ ਤੇ ਮੂਹਰੇ ਭਜਾ ਕੇ ਰੱਖਿਆ, ਪਿਛਲੇ ਸਾਲ ਤਾਂ ਮੁੰਡਿਆਂ ਨੇ ਜਬਰੀ ਰੋਕ ਰੋਕ ਕੇ ਲੜਕੀਆਂ ਨੂੰ ਰੰਗਿਆ ਸੀ, ਪਰ ਅੱਜ ਅਜਿਹਾ ਕੁਜ ਨਹੀਂ ਹੋਈਆ". ਸਵਰਾਜ ਅਭਿਆਨ ਦੇ ਬੁਲਾਰੇ ਗਿਆਨ ਚੰਦ ਬਾਂਸਲ ਨੇ ਪੁਲਿਸ ਪ੍ਰਸ਼ਾਸ਼ਨ ਦੀ ਸਲਾਘਾ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਪੁਲਿਸ ਵਲੋਂ ਸੁਚੱਜੇ ਇੰਤਜ਼ਾਮ ਕਰਕੇ ਕਿਸੇ ਵੀ ਮੰਦਭਾਗੀ ਘਟਨਾ ਨੂੰ ਹੋਣ ਤੋਂ ਰੋਕਿਆ ਗਿਆ, ਅਜੇਹੇ ਪ੍ਰਬੰਧ ਜਾਰੀ ਰੱਖਣੇ ਚਾਹੀਦੇ ਹਨ !
ਕਲ ਹੀ ਜ਼ਿਲਾ ਪੁਲਿਸ ਮੁਖੀ ਨਾਨਕ ਸਿੰਘ ਵਲੋਂ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਲਈ ਗਈ ਸੀ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਰੁੱਖ ਅਪਨਾਉਣ ਦੀਆ ਹਦਾਇਤਾਂ ਦਿਤੀਆਂ ਸਨ, ਜਿਸ ਦਾ ਪ੍ਰਤੱਖ ਨਮੂਨਾ ਅੱਜ ਦੇਖਣ ਨੂੰ ਮਿਲਿਆ ! ਦੱਸਿਆ ਜਾਂਦਾ ਹੈ ਕੇ ਅੱਜ ਜ਼ਿਲਾ ਪੁਲਿਸ ਮੁਖੀ ਨਾਨਕ ਸਿੰਘ ਨੇ ਖੁਦ ਸਾਰੇ ਸ਼ਹਿਰ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕੀਤੀ !